ਨਿਆਂਕਾਰ ਜੋ ਹਮੇਸ਼ਾ ਇਨਸਾਫ਼ ਕਰਦਾ ਹੈ
ਪਰਮੇਸ਼ੁਰ ਨੂੰ ਜਾਣੋ
ਨਿਆਂਕਾਰ ਜੋ ਹਮੇਸ਼ਾ ਇਨਸਾਫ਼ ਕਰਦਾ ਹੈ
ਮਨੁੱਖੀ ਨਿਆਂਕਾਰ ਕਈ ਵਾਰ ਅਜਿਹੀ ਸਜ਼ਾ ਸੁਣਾਉਂਦੇ ਹਨ ਜੋ ਗ਼ਲਤ ਜਾਂ ਜ਼ਿਆਦਾ ਸਖ਼ਤ ਹੁੰਦੀ ਹੈ। ਪਰ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਕਦੀ ਨਹੀਂ ਕਰਦਾ। ਉਹ ਤਾਂ “ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਭਾਵੇਂ ਉਹ ਧੀਰਜ ਰੱਖਦਾ ਹੈ, ਪਰ ਜ਼ਰੂਰਤ ਪੈਣ ਤੇ ਉਹ ਸਜ਼ਾ ਵੀ ਦਿੰਦਾ ਹੈ। ਯਹੋਵਾਹ ਹਮੇਸ਼ਾ ਉਹੀ ਕਰਦਾ ਹੈ ਜੋ ਸਹੀ ਹੈ। ਗਿਣਤੀ ਦੇ 20ਵੇਂ ਅਧਿਆਇ ਤੋਂ ਅਸੀਂ ਦੇਖਦੇ ਹਾਂ ਕਿ ਝਗੜਾ ਅਤੇ ਬਗਾਵਤ ਹੋਣ ਤੇ ਪਰਮੇਸ਼ੁਰ ਨੇ ਕੀ ਕੀਤਾ। ਆਓ ਆਪਾਂ ਇਸ ਵੱਲ ਧਿਆਨ ਦੇਈਏ।
ਉਜਾੜ ਵਿਚ ਸਫ਼ਰ ਕਰਨ ਦੇ ਅਖ਼ੀਰ ਵਿਚ ਇਸਰਾਏਲੀਆਂ ਨੂੰ ਪਾਣੀ ਦੀ ਘਾਟ ਹੋਈ। * ਲੋਕ ਮੂਸਾ ਤੇ ਹਾਰੂਨ ਨਾਲ ਝਗੜਨ ਅਤੇ ਕਹਿਣ ਲੱਗੇ: “ਤੁਸੀਂ ਯਹੋਵਾਹ ਦੀ ਸਭਾ ਨੂੰ ਕਾਹਨੂੰ ਏਸ ਉਜਾੜ ਵਿੱਚ ਲੈ ਆਏ ਹੋ ਕਿ ਅਸੀਂ ਅਤੇ ਸਾਡੇ ਪਸੂ ਏਥੇ ਮਰੀਏ?” (ਆਇਤ 4) ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਜਾੜ ਬਹੁਤ ‘ਬੁਰਾ ਥਾਂ’ ਸੀ ਜਿੱਥੇ “ਨਾ ਹਜੀਰ, ਨਾ ਦਾਖ ਦੀ ਬੇਲ, ਨਾ ਅਨਾਰ” ਅਤੇ “ਨਾ ਪੀਣ ਲਈ ਪਾਣੀ” ਸੀ। ਇਹ ਉਹੀ ਫਲ ਸਨ ਜੋ ਕਈ ਸਾਲ ਪਹਿਲਾਂ ਇਸਰਾਏਲੀ ਜਾਸੂਸਾਂ ਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚੋਂ ਲਿਆਂਦੇ ਸਨ। (ਆਇਤ 5; ਗਿਣਤੀ 13:23) ਉਹ ਮੂਸਾ ਤੇ ਹਾਰੂਨ ਵਿਚ ਕਸੂਰ ਕੱਢ ਰਹੇ ਸਨ ਕਿਉਂਕਿ ਉਹ ਅਜੇ ਤਕ ਉਸ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਵੜੇ ਸਨ ਜਿਸ ਵਿਚ ਪਿੱਛਲੀ ਪੀੜ੍ਹੀ ਨੇ ਬੁੜ-ਬੁੜ ਕਰਨ ਕਰਕੇ ਵੜਨ ਤੋਂ ਇਨਕਾਰ ਕੀਤਾ ਸੀ!
ਯਹੋਵਾਹ ਨੇ ਬੁੜ-ਬੁੜ ਕਰਨ ਵਾਲਿਆਂ ਨੂੰ ਠੁਕਰਾਇਆ ਨਹੀਂ। ਇਸ ਦੀ ਬਜਾਇ ਉਸ ਨੇ ਮੂਸਾ ਨੂੰ ਤਿੰਨ ਚੀਜ਼ਾਂ ਕਰਨ ਲਈ ਕਿਹਾ: ਆਪਣੀ ਲਾਠੀ ਲਵੇ, ਲੋਕਾਂ ਨੂੰ ਇਕੱਠਾ ਕਰੇ ਤੇ ‘ਪੱਥਰੇਲੀ ਢਿੱਗ ਨੂੰ ਬੋਲੇ ਕਿ ਉਹ ਆਪਣਾ ਪਾਣੀ ਦੇਵੇ।’ (ਆਇਤ 8) ਮੂਸਾ ਨੇ ਪਹਿਲੀਆਂ ਦੋ ਚੀਜ਼ਾਂ ਤਾਂ ਕੀਤੀਆਂ, ਪਰ ਤੀਜੀ ਨਹੀਂ ਕੀਤੀ। ਯਹੋਵਾਹ ’ਤੇ ਨਿਹਚਾ ਰੱਖ ਕੇ ਪੱਥਰ ਨਾਲ ਬੋਲਣ ਦੀ ਬਜਾਇ ਉਸ ਨੇ ਰੁੱਖਾ ਹੋ ਕੇ ਲੋਕਾਂ ਨੂੰ ਕਿਹਾ: “ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?” (ਆਇਤ 10; ਜ਼ਬੂਰਾਂ ਦੀ ਪੋਥੀ 106:32, 33) ਫਿਰ ਮੂਸਾ ਨੇ ਦੋ ਵਾਰ ਪੱਥਰ ਨੂੰ ਮਾਰਿਆ, ਤਾਂ “ਬਹੁਤ ਪਾਣੀ ਨਿੱਕਲ ਆਇਆ।”—ਆਇਤ 11.
ਮੂਸਾ ਤੇ ਹਾਰੂਨ ਨੇ ਬਹੁਤ ਵੱਡਾ ਪਾਪ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਹੁਕਮ ਦੇ ਵਿਰੁੱਧ . . . ਝਗੜਾ ਕੀਤਾ।” (ਗਿਣਤੀ 20:24) ਪਰਮੇਸ਼ੁਰ ਦਾ ਹੁਕਮ ਤੋੜ ਕੇ ਮੂਸਾ ਤੇ ਹਾਰੂਨ ਖ਼ੁਦ ਝਗੜਾਲੂ ਬਣੇ। ਉਹੀ ਦੋਸ਼ ਜੋ ਉਹ ਲੋਕਾਂ ’ਤੇ ਲਾ ਰਹੇ ਸਨ! ਪਰਮੇਸ਼ੁਰ ਦਾ ਨਿਆਂ ਸਾਫ਼ ਸੀ: ਮੂਸਾ ਤੇ ਹਾਰੂਨ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾਣਾ ਸੀ। ਪਰ ਕੀ ਇਹ ਸਜ਼ਾ ਜ਼ਿਆਦਾ ਸਖ਼ਤ ਸੀ? ਨਹੀਂ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?
ਪਹਿਲੀ ਗੱਲ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਲੋਕਾਂ ਨਾਲ ਗੱਲ ਕਰਨ ਲਈ ਨਹੀਂ ਕਿਹਾ ਸੀ, ਤਾਂ ਫਿਰ ਉਨ੍ਹਾਂ ਨੂੰ ਝਗੜਾਲੂ ਕਹਿਣਾ ਤਾਂ ਦੂਰ ਦੀ ਗੱਲ ਸੀ। ਦੂਜੀ ਗੱਲ ਹੈ ਕਿ ਮੂਸਾ ਤੇ ਹਾਰੂਨ ਨੇ ਪਰਮੇਸ਼ੁਰ ਨੂੰ ਮਾਣ ਨਹੀਂ ਦਿੱਤਾ। ਇਸੇ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: ‘ਤੁਸਾਂ ਮੈਨੂੰ ਪਵਿੱਤ੍ਰ ਨਹੀਂ ਠਹਿਰਾਇਆ।’ (ਆਇਤ 12) ਜਦ ਮੂਸਾ ਨੇ ਕਿਹਾ, “ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?” ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਤੇ ਹਾਰੂਨ ਆਪ ਚਮਤਕਾਰ ਕਰ ਰਹੇ ਸਨ ਨਾ ਕਿ ਪਰਮੇਸ਼ੁਰ। ਤੀਜੀ ਗੱਲ ਹੈ ਕਿ ਪਰਮੇਸ਼ੁਰ ਨੇ ਉਹੀ ਸਜ਼ਾ ਦਿੱਤੀ ਜੋ ਉਸ ਨੇ ਪਹਿਲਾਂ ਬਾਗ਼ੀ ਪੀੜ੍ਹੀ ਨੂੰ ਦਿੱਤੀ ਸੀ। ਜਿਸ ਤਰ੍ਹਾਂ ਉਸ ਨੇ ਬੁੜਬੁੜਾਉਂਦੇ ਲੋਕਾਂ ਨੂੰ ਕਨਾਨ ਦੇਸ਼ ਵਿਚ ਨਹੀਂ ਸੀ ਵੜਨ ਦਿੱਤਾ ਉਸੇ ਤਰ੍ਹਾਂ ਉਸ ਨੇ ਮੂਸਾ ਤੇ ਹਾਰੂਨ ਨੂੰ ਵੀ ਨਾ ਵੜਨ ਦਿੱਤਾ। (ਗਿਣਤੀ 14:22, 23) ਚੌਥੀ ਗੱਲ ਹੈ ਕਿ ਮੂਸਾ ਤੇ ਹਾਰੂਨ ਇਸਰਾਏਲ ਦੇ ਆਗੂ ਸਨ। ਜਿਸ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਸ ਤੋਂ ਰੱਬ ਉੱਨਾ ਹੀ ਲੇਖਾ ਲੈਂਦਾ ਹੈ।—ਲੂਕਾ 12:48.
ਯਹੋਵਾਹ ਹਮੇਸ਼ਾ ਉਹੀ ਕਰਦਾ ਹੈ ਜੋ ਸਹੀ ਹੈ। ਨਿਆਂ ਨਾਲ ਪਿਆਰ ਰੱਖਣ ਕਰਕੇ ਉਹ ਬੇਇਨਸਾਫ਼ੀ ਕਰ ਹੀ ਨਹੀਂ ਸਕਦਾ ਤੇ ਨਾ ਹੀ ਅਜਿਹੀ ਸਜ਼ਾ ਸੁਣਾ ਸਕਦਾ ਹੈ ਜੋ ਗ਼ਲਤ ਹੈ। ਯਹੋਵਾਹ ਸੱਚ-ਮੁੱਚ ਆਦਰ ਤੇ ਭਰੋਸੇ ਦੇ ਲਾਇਕ ਹੈ। (w09 9/1)
[ਫੁਟਨੋਟ]
^ ਪੈਰਾ 5 ਮਿਸਰ ਛੱਡਣ ਤੋਂ ਬਾਅਦ ਇਸਰਾਏਲੀ ਕਨਾਨ ਦੇਸ਼ ਵਿਚ ਵੜਨ ਲਈ ਤਿਆਰ ਸਨ। ਇਹ ਉਹ ਦੇਸ਼ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਦਾ ਵਾਅਦਾ ਕੀਤਾ ਸੀ। ਪਰ ਜਦ ਦਸ ਜਾਸੂਸਾਂ ਨੇ ਬੁਰੀ ਖ਼ਬਰ ਲਿਆਂਦੀ, ਤਾਂ ਲੋਕ ਮੂਸਾ ਖ਼ਿਲਾਫ਼ ਬੁੜਬੁੜਾਉਣ ਲੱਗੇ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਕਿ ਉਹ 40 ਸਾਲ ਉਜਾੜ ਵਿਚ ਘੁੰਮਣ ਜਦ ਤਕ ਉਹ ਬਾਗ਼ੀ ਪੀੜ੍ਹੀ ਖ਼ਤਮ ਨਾ ਹੋਵੇ।