ਕੀ ਬਾਈਬਲ ਸਾਨੂੰ ਯਿਸੂ ਦੀ ਪੂਰੀ ਕਹਾਣੀ ਦੱਸਦੀ ਹੈ?
ਬਾਈਬਲ ਕਹਿੰਦੀ ਹੈ ਕਿ ਯਿਸੂ ਯਰੂਸ਼ਲਮ ਸ਼ਹਿਰ ਤੋਂ ਬਾਹਰ ਗਲਗਥਾ ਨਾਂ ਦੀ ਜਗ੍ਹਾ ਮਰਿਆ ਸੀ। ਪਰ ਕੀ ਇਹ ਹੋ ਸਕਦਾ ਹੈ ਕਿ ਉਹ ਮਰਿਆ ਨਹੀਂ, ਸਗੋਂ ਬਚ ਗਿਆ ਤੇ ਫਿਰ ਉਸ ਨੇ ਮਰਿਯਮ ਮਗਦਲੀਨੀ ਨਾਲ ਵਿਆਹ ਕਰਾ ਕੇ ਬੱਚੇ ਵੀ ਪੈਦਾ ਕੀਤੇ? ਜਾਂ ਕੀ ਉਹ ਇਕ ਸੰਨਿਆਸੀ ਸੀ ਜਿਸ ਨੇ ਦੁਨੀਆਂ ਦੇ ਸਾਰੇ ਸੁੱਖ-ਆਰਾਮ ਨੂੰ ਤਿਆਗ ਦਿੱਤਾ ਸੀ? ਜਾਂ ਕੀ ਉਸ ਦੀਆਂ ਸਿੱਖਿਆਵਾਂ ਬਾਈਬਲ ਦੀਆਂ ਸਿੱਖਿਆਵਾਂ ਤੋਂ ਵੱਖਰੀਆਂ ਸਨ?
ਅੱਜ-ਕੱਲ੍ਹ ਅਜਿਹੇ ਕਈ ਸਵਾਲ ਪੈਦਾ ਹੋਏ ਹਨ, ਖ਼ਾਸ ਕਰਕੇ ਕੁਝ ਮਸ਼ਹੂਰ ਫ਼ਿਲਮਾਂ ਤੇ ਨਾਵਲਾਂ ਕਰਕੇ। ਇਸ ਤੋਂ ਇਲਾਵਾ ਕਈ ਕਿਤਾਬਾਂ ਅਤੇ ਲੇਖਾਂ ਵਿਚ ਦੂਜੀ ਤੇ ਤੀਜੀ ਸਦੀ ਤੋਂ ਲਿਖੀਆਂ ਗਈਆਂ ਘੜੀਆਂ ਲਿਖਤਾਂ ਵੱਲ ਧਿਆਨ ਖਿੱਚਿਆ ਗਿਆ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਲਿਖਤਾਂ ਵਿਚ ਯਿਸੂ ਬਾਰੇ ਕਈ ਗੱਲਾਂ ਦੱਸੀਆਂ ਗਈਆਂ ਹਨ ਜੋ ਇੰਜੀਲਾਂ ਵਿਚ ਨਹੀਂ ਪਾਈਆਂ ਜਾਂਦੀਆਂ। ਕੀ ਇਹ ਗੱਲਾਂ ਸੱਚੀਆਂ ਹੋ ਸਕਦੀਆਂ ਹਨ? ਕੀ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਬਾਈਬਲ ਸਾਨੂੰ ਯਿਸੂ ਦੀ ਪੂਰੀ ਤੇ ਸੱਚੀ ਕਹਾਣੀ ਦੱਸਦੀ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਾਨੂੰ ਤਿੰਨ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਪਹਿਲੀ ਗੱਲ, ਸਾਨੂੰ ਉਨ੍ਹਾਂ ਲੇਖਕਾਂ ਬਾਰੇ ਕੁਝ ਜਾਣਨ ਦੀ ਲੋੜ ਹੈ ਜਿਨ੍ਹਾਂ ਨੇ ਇੰਜੀਲਾਂ ਲਿਖੀਆਂ ਸਨ ਅਤੇ ਇਹ ਵੀ ਕਿ ਉਨ੍ਹਾਂ ਨੇ ਇਹ ਕਦੋਂ ਲਿਖੀਆਂ ਸਨ। ਦੂਜੀ ਗੱਲ, ਸਾਨੂੰ ਪਤਾ ਕਰਨ ਦੀ ਲੋੜ ਹੈ ਕਿ ਇਹ ਕਿਵੇਂ ਤੈਅ ਕੀਤਾ ਗਿਆ ਕਿ ਕਿਹੜੀਆਂ ਪੋਥੀਆਂ ਬਾਈਬਲ ਦਾ ਹਿੱਸਾ ਮੰਨੀਆਂ ਜਾਣਗੀਆਂ ਅਤੇ ਕਿਸ ਨੇ ਇਵੇਂ ਤੈਅ ਕੀਤਾ। ਤੀਜੀ ਗੱਲ, ਸਾਨੂੰ ਇਸ ਬਾਰੇ ਜਾਣਨ ਦੀ ਲੋੜ ਹੈ ਕਿ ਘੜੀਆਂ ਲਿਖਤਾਂ ਤੇ ਬਾਈਬਲ ਦੀਆਂ ਲਿਖਤਾਂ ਵਿਚ ਕੀ ਫ਼ਰਕ ਹੈ।ਬਾਈਬਲ ਦਾ ਯੂਨਾਨੀ ਹਿੱਸਾ ਕਿਸ ਨੇ ਲਿਖਿਆ ਤੇ ਕਦੋਂ ਲਿਖਿਆ?
ਕਈਆਂ ਦਾ ਕਹਿਣਾ ਹੈ ਕਿ ਮੱਤੀ ਦੀ ਇੰਜੀਲ ਯਿਸੂ ਦੀ ਮੌਤ ਤੋਂ ਅੱਠ ਸਾਲ ਬਾਅਦ 41 ਈਸਵੀ ਵਿਚ ਲਿਖੀ ਗਈ ਸੀ। ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਬਾਅਦ ਵਿਚ ਲਿਖੀ ਗਈ ਸੀ। ਪਰ ਜ਼ਿਆਦਾਤਰ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਬਾਈਬਲ ਦਾ ਯੂਨਾਨੀ ਹਿੱਸਾ ਪਹਿਲੀ ਸਦੀ ਵਿਚ ਲਿਖਿਆ ਗਿਆ ਸੀ।
ਯਿਸੂ ਦੇ ਜਨਮ, ਮੌਤ ਅਤੇ ਜੀ ਉੱਠਣ ਦੇ ਚਸ਼ਮਦੀਦ ਗਵਾਹ ਉਦੋਂ ਹਾਲੇ ਜੀਉਂਦੇ ਸਨ ਅਤੇ ਉਹ ਦੱਸ ਸਕਦੇ ਸਨ ਕਿ ਇੰਜੀਲਾਂ ਵਿਚ ਜੋ ਲਿਖਿਆ ਗਿਆ ਸੀ, ਉਹ ਸਹੀ ਸੀ ਜਾਂ ਗ਼ਲਤ। ਉਹ ਬੜੀ ਆਸਾਨੀ ਨਾਲ ਇਨ੍ਹਾਂ ਵਿਚ ਲਿਖੀਆਂ ਗ਼ਲਤ ਗੱਲਾਂ ਦਾ ਪਰਦਾ ਫ਼ਾਸ਼ ਕਰ ਸਕਦੇ ਸਨ। ਪ੍ਰੋਫ਼ੈਸਰ ਐੱਫ਼. ਐੱਫ਼. ਬਰੂਸ ਨੇ ਲਿਖਿਆ: “ਜਦ ਰਸੂਲ ਪ੍ਰਚਾਰ ਕਰਦੇ ਸਨ, ਤਾਂ ਉਨ੍ਹਾਂ ਨੂੰ ਪਤਾ ਸੀ ਕਿ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਸੀ। ਇਸ ਲਈ ਉਨ੍ਹਾਂ ਨੇ ਸਿਰਫ਼ ਇਹੀ ਨਹੀਂ ਕਿਹਾ ਕਿ ‘ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ,’ ਪਰ ਇਹ ਵੀ ਕਿ ‘ਤੁਸੀਂ ਆਪ ਜਾਣਦੇ ਹੋ’ (ਰਸੂਲਾਂ ਦੇ ਕਰਤੱਬ 2:22)।”
ਬਾਈਬਲ ਦੇ ਯੂਨਾਨੀ ਹਿੱਸੇ ਦੇ ਲਿਖਾਰੀ ਕੌਣ ਸਨ? ਇਨ੍ਹਾਂ ਵਿੱਚੋਂ ਕੁਝ ਯਿਸੂ ਦੇ 12 ਰਸੂਲ ਸਨ। ਇਹ ਅਤੇ ਬਾਈਬਲ ਦੇ ਹੋਰ ਲਿਖਾਰੀ, ਜਿਵੇਂ ਕਿ ਯਾਕੂਬ, ਯਹੂਦਾਹ ਅਤੇ ਸ਼ਾਇਦ ਮਰਕੁਸ, 33 ਈਸਵੀ ਪੰਤੇਕੁਸਤ ਦੇ ਦਿਨ ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਵੇਲੇ ਮੌਜੂਦ ਸਨ। ਪੌਲੁਸ ਸਣੇ ਸਾਰੇ ਲਿਖਾਰੀ ਮਸੀਹੀ ਕਲੀਸਿਯਾ ਦੀ ਪ੍ਰਬੰਧਕ ਸਭਾ ਯਾਨੀ ਰਸੂਲਾਂ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਅਗਵਾਈ ਹੇਠ ਕੰਮ ਕਰਦੇ ਸਨ।—ਰਸੂਲਾਂ ਦੇ ਕਰਤੱਬ 15:2, 6, 12-14, 22; ਗਲਾਤੀਆਂ 2:7-10.
ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸਿਖਾਉਣ ਦਾ ਕੰਮ ਸੌਂਪਿਆ ਸੀ ਜੋ ਕੰਮ ਉਸ ਨੇ ਆਪ ਸ਼ੁਰੂ ਕੀਤਾ ਸੀ। (ਮੱਤੀ 28:19, 20) ਉਸ ਨੇ ਇਹ ਵੀ ਕਿਹਾ: “ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ।” (ਲੂਕਾ 10:16) ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰੇਗੀ। ਸੋ ਜਦ ਰਸੂਲਾਂ ਨੇ ਜਾਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਹੋਰ ਮਸੀਹੀਆਂ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੀ ਸ਼ਕਤੀ ਦਿੱਤੀ ਸੀ, ਪੋਥੀਆਂ ਲਿਖੀਆਂ ਸਨ, ਤਾਂ ਮਸੀਹੀਆਂ ਨੇ ਕਬੂਲ ਕੀਤਾ ਕਿ ਇਹ ਪੋਥੀਆਂ ਪਰਮੇਸ਼ੁਰ ਵੱਲੋਂ ਸਨ।
ਬਾਈਬਲ ਦੇ ਕੁਝ ਲੇਖਕਾਂ ਨੇ ਗਵਾਹੀ ਦਿੱਤੀ ਕਿ ਬਾਈਬਲ ਦੇ ਦੂਜੇ ਲੇਖਕਾਂ ਦੀਆਂ ਗੱਲਾਂ ਸੱਚੀਆਂ ਤੇ ਪਰਮੇਸ਼ੁਰ ਵੱਲੋਂ ਸਨ। ਮਿਸਾਲ ਲਈ, ਪਤਰਸ ਰਸੂਲ ਨੇ ਪੌਲੁਸ ਦੀਆਂ ਚਿੱਠੀਆਂ ਨੂੰ ਬਾਈਬਲ ਦੀਆਂ “ਹੋਰਨਾਂ ਲਿਖਤਾਂ” ਦੇ ਬਰਾਬਰ ਕਿਹਾ ਸੀ। (2 ਪਤਰਸ 3:15, 16) ਪੌਲੁਸ ਵੀ ਮੰਨਦਾ ਸੀ ਕਿ ਜੋ ਕੁਝ ਰਸੂਲਾਂ ਤੇ ਹੋਰ ਮਸੀਹੀ ਲਿਖਾਰੀਆਂ ਨੇ ਲਿਖਿਆ ਸੀ, ਉਹ ਪਰਮੇਸ਼ੁਰ ਵੱਲੋਂ ਸੀ।—ਅਫ਼ਸੀਆਂ 3:5.
ਇਨ੍ਹਾਂ ਗੱਲਾਂ ਕਰਕੇ ਅਸੀਂ ਇੰਜੀਲਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਪਰਮੇਸ਼ੁਰ ਵੱਲੋਂ ਹਨ। ਉਹ ਕਥਾ-ਕਹਾਣੀਆਂ ਨਹੀਂ ਹਨ। ਉਨ੍ਹਾਂ ਵਿਚ ਇਤਿਹਾਸ ਦੀਆਂ ਸੱਚੀਆਂ ਗੱਲਾਂ ਪਾਈਆਂ ਜਾਂਦੀਆਂ ਹਨ ਅਤੇ ਇਹ ਗੱਲਾਂ ਚਸ਼ਮਦੀਦ ਗਵਾਹਾਂ ਦੇ ਬਿਆਨ ਲੈ ਕੇ ਲਿਖੀਆਂ ਗਈਆਂ ਸਨ। ਲਿਖਾਰੀਆਂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਹ ਗੱਲਾਂ ਲਿਖੀਆਂ।
ਬਾਈਬਲ ਦੀਆਂ ਪੋਥੀਆਂ ਦੀ ਸੂਚੀ ਕਿਸੇ ਨੇ ਬਣਾਈ?
ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਚਰਚ ਨੇ ਬਾਈਬਲ ਦੇ ਯੂਨਾਨੀ ਹਿੱਸੇ ਦੀਆਂ ਪੋਥੀਆਂ ਦੀ ਸੂਚੀ ਸਦੀਆਂ ਬਾਅਦ ਬਣਾਈ ਸੀ ਜਿਸ ਨੂੰ ਬਾਦਸ਼ਾਹ ਕਾਂਸਟੰਟੀਨ ਦੀ ਨਿਗਰਾਨੀ ਅਧੀਨ ਤਾਕਤ ਦਿੱਤੀ ਗਈ ਸੀ। ਪਰ ਹਕੀਕਤ ਕੁਝ ਹੋਰ ਹੈ।
ਮਿਸਾਲ ਲਈ, ਈਸਾਈ ਚਰਚ ਦੇ ਇਤਿਹਾਸ ਦੇ ਇਕ ਪ੍ਰੋਫ਼ੈਸਰ ਦੀ ਇਸ ਗੱਲ ਵੱਲ ਧਿਆਨ ਦਿਓ: “ਨਵੇਂ ਨੇਮ ਵਿਚ ਕਿਨ੍ਹਾਂ ਪੋਥੀਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਤੇ ਕਿਨ੍ਹਾਂ ਨੂੰ ਨਹੀਂ, ਇਹ ਫ਼ੈਸਲਾ ਕਦੇ ਕਿਸੇ ਚਰਚ ਦੀ ਸਭਾ ਜਾਂ ਕਿਸੇ ਇਕ ਵਿਅਕਤੀ ਰਾਹੀਂ ਨਹੀਂ ਲਿਆ ਗਿਆ ਸੀ। . . . ਇਹ ਫ਼ੈਸਲਾ ਸਿੱਧਾ-ਸਾਦਾ ਸੀ: ਜਿਹੜੀਆਂ ਲਿਖਤਾਂ ਪਹਿਲੀ ਸਦੀ ਤੋਂ ਸਨ ਅਤੇ ਜਿਨ੍ਹਾਂ ਨੂੰ ਰਸੂਲਾਂ ਜਾਂ ਉਨ੍ਹਾਂ ਦੇ ਸਾਥੀਆਂ ਨੇ ਲਿਖਿਆ
ਸੀ, ਉਨ੍ਹਾਂ ਨੂੰ ਭਰੋਸੇਯੋਗ ਸਮਝਿਆ ਜਾਂਦਾ ਸੀ। ਪਹਿਲੀ ਸਦੀ ਤੋਂ ਬਾਅਦ ਲਿਖੀਆਂ ਗਈਆਂ ਲਿਖਤਾਂ, ਚਿੱਠੀਆਂ ਜਾਂ ‘ਇੰਜੀਲਾਂ’ ਨੂੰ ਸ਼ਾਮਲ ਨਹੀਂ ਕੀਤਾ ਗਿਆ। . . . ਇਹ ਸਭ ਕੁਝ ਕਾਂਸਟੰਟੀਨ ਤੇ ਚਰਚ ਦੇ ਤਾਕਤਵਰ ਬਣਨ ਤੋਂ ਬਹੁਤ ਚਿਰ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਸਾਨੂੰ ਨਵਾਂ ਨੇਮ ਮਸੀਹੀ ਧਰਮ ਦੇ ਸ਼ਹੀਦਾਂ ਸਦਕਾ, ਨਾ ਕਿ ਤਾਕਤਵਰ ਚਰਚ ਸਦਕਾ, ਮਿਲਿਆ ਹੈ।”ਬਾਈਬਲ ਦੇ ਯੂਨਾਨੀ ਹਿੱਸੇ ਦਾ ਅਧਿਐਨ ਕਰਨ ਵਾਲੇ ਇਕ ਹੋਰ ਪ੍ਰੋਫ਼ੈਸਰ ਨੇ ਬਾਈਬਲ ਦੀਆਂ ਪੋਥੀਆਂ ਦੀ ਸੂਚੀ ਬਣਾਏ ਜਾਣ ਬਾਰੇ ਕਿਹਾ: “ਈਸਾਈ ਚਰਚ ਨੇ ਇਹ ਫ਼ੈਸਲਾ ਨਹੀਂ ਕੀਤਾ ਸੀ ਕਿ ਕਿਹੜੀਆਂ ਪੋਥੀਆਂ ਬਾਈਬਲ ਦਾ ਹਿੱਸਾ ਮੰਨੀਆਂ ਜਾਣਗੀਆਂ। ਇਹ ਕਹਿਣਾ ਠੀਕ ਹੋਵੇਗਾ ਕਿ ਚਰਚ ਨੇ ਉਨ੍ਹਾਂ ਪੋਥੀਆਂ ਨੂੰ ਕਬੂਲ ਕੀਤਾ ਜੋ ਪਹਿਲਾਂ ਹੀ ਪਰਮੇਸ਼ੁਰ ਦੇ ਬਚਨ ਦਾ ਹਿੱਸਾ ਮੰਨੀਆਂ ਜਾਂਦੀਆਂ ਸਨ।”
ਪਰ ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਹੀ ਤੈਅ ਕੀਤਾ ਸੀ ਕਿ ਕਿਹੜੀਆਂ ਪੋਥੀਆਂ ਬਾਈਬਲ ਦਾ ਹਿੱਸਾ ਬਣਨਗੀਆਂ? ਨਹੀਂ, ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਦੇ ਪਿੱਛੇ ਇਕ ਹੋਰ ਤਾਕਤ ਦਾ ਹੱਥ ਸੀ।
ਬਾਈਬਲ ਮੁਤਾਬਕ ਮਸੀਹੀ ਕਲੀਸਿਯਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਮਸੀਹੀਆਂ ਨੂੰ ‘ਅਨੇਕ ਪਰਕਾਰ ਦੀਆਂ ਦਾਤਾਂ’ ਦਿੱਤੀਆਂ ਗਈਆਂ ਸਨ। (1 ਕੁਰਿੰਥੀਆਂ 12:4, 10) ਇਨ੍ਹਾਂ ਵਿੱਚੋਂ ਕੁਝ ਮਸੀਹੀਆਂ ਨੂੰ ਪਰਮੇਸ਼ੁਰ ਨੇ ਇਹ ਜਾਣਨ ਦੀ ਸ਼ਕਤੀ ਦਿੱਤੀ ਸੀ ਕਿ ਕਿਹੜੀ ਗੱਲ ਪਰਮੇਸ਼ੁਰ ਵੱਲੋਂ ਸੀ ਅਤੇ ਕਿਹੜੀ ਨਹੀਂ। ਇਸ ਲਈ ਅੱਜ ਮਸੀਹੀ ਭਰੋਸਾ ਰੱਖ ਸਕਦੇ ਹਨ ਕਿ ਜਿਹੜੀਆਂ ਪੋਥੀਆਂ ਬਾਈਬਲ ਵਿਚ ਹਨ ਉਹ ਪਰਮੇਸ਼ੁਰ ਨੇ ਲਿਖਵਾਈਆਂ ਸਨ।
ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਚੁਣਿਆ ਸੀ ਕਿ ਕਿਹੜੀਆਂ ਪੋਥੀਆਂ ਬਾਈਬਲ ਵਿਚ ਪਾਈਆਂ ਜਾਣਗੀਆਂ। ਦੂਜੀ ਸਦੀ ਦੇ ਅਖ਼ੀਰਲੇ ਸਾਲਾਂ ਤੋਂ ਕੁਝ ਲੇਖਕਾਂ ਨੇ ਬਾਈਬਲ ਦੀਆਂ ਪੋਥੀਆਂ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ। ਪਰ ਇਨ੍ਹਾਂ ਲੇਖਕਾਂ ਨੇ ਇਹ ਫ਼ੈਸਲਾ ਨਹੀਂ ਕੀਤਾ ਕਿ ਕਿਹੜੀਆਂ ਪੋਥੀਆਂ ਬਾਈਬਲ ਦਾ ਹਿੱਸਾ ਬਣਨਗੀਆਂ। ਉਨ੍ਹਾਂ ਨੇ ਸਿਰਫ਼ ਉਸ ਉੱਤੇ ਟਿੱਪਣੀਆਂ ਕੀਤੀਆਂ ਜੋ ਪਰਮੇਸ਼ੁਰ ਨੇ ਆਪਣੀ ਸ਼ਕਤੀ ਅਤੇ ਆਪਣੇ ਲਿਖਾਰੀਆਂ ਰਾਹੀਂ ਲਿਖਵਾਇਆ ਸੀ।
ਪੁਰਾਣੀਆਂ ਹੱਥ-ਲਿਖਤਾਂ ਵੀ ਸਬੂਤ ਦਿੰਦੀਆਂ ਹਨ ਕਿ ਬਾਈਬਲ ਦੀਆਂ ਅਸਲੀ ਪੋਥੀਆਂ ਕਿਹੜੀਆਂ ਹਨ। ਅੱਜ ਯੂਨਾਨੀ ਭਾਸ਼ਾ ਵਿਚ ਬਾਈਬਲ ਦੀਆਂ ਪੋਥੀਆਂ ਦੀਆਂ 5,000 ਤੋਂ ਵਧ ਹੱਥ-ਲਿਖਤਾਂ ਹਨ। ਇਨ੍ਹਾਂ ਵਿੱਚੋਂ ਕੁਝ ਦੂਜੀ ਤੇ ਤੀਜੀ ਸਦੀ ਦੀਆਂ ਹਨ। ਇਨ੍ਹਾਂ ਲਿਖਤਾਂ ਨੂੰ, ਨਾ ਕਿ ਘੜੀਆਂ ਲਿਖਤਾਂ ਨੂੰ, ਪਹਿਲੀ ਸਦੀ ਤੋਂ ਬਾਈਬਲ ਦਾ ਸਹੀ ਹਿੱਸਾ ਮੰਨਿਆ ਗਿਆ ਸੀ। ਇਸ ਲਈ ਇਨ੍ਹਾਂ ਦੀਆਂ ਕਾਪੀਆਂ ਬਣਾ ਕੇ ਇਨ੍ਹਾਂ ਨੂੰ ਦੂਰ-ਦੂਰ ਤਕ ਵੰਡਿਆ ਗਿਆ।
ਲੇਕਿਨ ਬਾਈਬਲ ਖ਼ੁਦ ਸਬੂਤ ਦਿੰਦੀ ਹੈ ਕਿ ਇਸ ਵਿਚ ਸ਼ਾਮਲ ਕੀਤੀਆਂ ਗਈਆਂ ਯੂਨਾਨੀ ਹਿੱਸੇ ਦੀਆਂ ਪੋਥੀਆਂ ਸਹੀ ਹਨ। ਇਹ ਪੋਥੀਆਂ ਬਾਈਬਲ ਦੀਆਂ ਦੂਜੀਆਂ ਪੋਥੀਆਂ ਵਿਚ ਪਾਈਆਂ ਜਾਂਦੀਆਂ “ਖਰੀਆਂ ਗੱਲਾਂ ਦੇ ਨਮੂਨੇ” ਨਾਲ ਮੇਲ ਖਾਂਦੀਆਂ ਹਨ। (2 ਤਿਮੋਥਿਉਸ 1:13) ਇਹ ਲੋਕਾਂ ਨੂੰ ਹੌਸਲਾ ਦਿੰਦੀਆਂ ਹਨ ਕਿ ਉਹ ਯਹੋਵਾਹ ਨੂੰ ਪਿਆਰ ਕਰਨ ਤੇ ਉਸ ਦੀ ਭਗਤੀ ਤੇ ਸੇਵਾ ਕਰਨ। ਨਾਲੇ ਇਹ ਲੋਕਾਂ ਨੂੰ ਅੰਧਵਿਸ਼ਵਾਸ, ਭੂਤਾਂ-ਪ੍ਰੇਤਾਂ ਅਤੇ ਦੂਤਾਂ ਤੇ ਇਨਸਾਨਾਂ ਦੀ ਭਗਤੀ ਕਰਨ ਤੋਂ ਖ਼ਬਰਦਾਰ ਕਰਦੀਆਂ ਹਨ। ਇਹ ਪੋਥੀਆਂ ਇਤਿਹਾਸ ਪੱਖੋਂ ਸਹੀ ਹਨ ਅਤੇ ਇਨ੍ਹਾਂ ਵਿਚ ਲਿਖੀਆਂ ਭਵਿੱਖਬਾਣੀਆਂ ਸੱਚੀਆਂ ਹਨ। ਇਸ ਤੋਂ ਇਲਾਵਾ, ਇਹ ਪੋਥੀਆਂ ਲੋਕਾਂ ਨੂੰ ਪਿਆਰ ਦੇ ਰਾਹ ਉੱਤੇ ਚੱਲਣ ਦੀ ਤਾਕੀਦ ਕਰਦੀਆਂ ਹਨ। ਯੂਨਾਨੀ ਹਿੱਸੇ ਦੀਆਂ ਪੋਥੀਆਂ ਵਿਚ ਇਹ ਸਾਰੀਆਂ ਖ਼ਾਸ ਗੱਲਾਂ ਹਨ। ਕੀ ਘੜੀਆਂ ਲਿਖਤਾਂ ਬਾਰੇ ਵੀ ਇਹ ਕਿਹਾ ਜਾ ਸਕਦਾ ਹੈ?
ਘੜੀਆਂ ਲਿਖਤਾਂ ਕਿਵੇਂ ਵੱਖਰੀਆਂ ਹਨ?
ਘੜੀਆਂ ਲਿਖਤਾਂ ਅਤੇ ਬਾਈਬਲ ਦੀਆਂ ਪੋਥੀਆਂ ਵਿਚ ਕਾਫ਼ੀ ਫ਼ਰਕ ਹੈ। ਆਮ ਕਰਕੇ ਘੜੀਆਂ ਲਿਖਤਾਂ ਦੂਜੀ ਸਦੀ ਤੋਂ ਬਾਅਦ ਲਿਖੀਆਂ ਗਈਆਂ ਸਨ ਯਾਨੀ ਬਾਈਬਲ ਦੀਆਂ ਪੋਥੀਆਂ ਲਿਖੇ ਜਾਣ ਤੋਂ ਕਾਫ਼ੀ ਚਿਰ ਬਾਅਦ। ਇਨ੍ਹਾਂ ਵਿਚ ਯਿਸੂ ਅਤੇ ਮਸੀਹੀਅਤ ਬਾਰੇ ਜੋ ਕੁਝ ਵੀ ਲਿਖਿਆ ਗਿਆ ਹੈ, ਉਹ ਪਰਮੇਸ਼ੁਰ ਦੁਆਰਾ ਲਿਖਵਾਈਆਂ ਪੋਥੀਆਂ ਤੋਂ ਬਿਲਕੁਲ ਵੱਖਰਾ ਹੈ।
ਮਿਸਾਲ ਲਈ, ਥੋਮਾ ਦੀ ਘੜੀ ਇੰਜੀਲ ਅਨੁਸਾਰ ਯਿਸੂ ਨੇ ਕਈ ਅਜੀਬ ਗੱਲਾਂ ਕਹੀਆਂ ਸਨ। ਮਿਸਾਲ ਲਈ, ਯਿਸੂ ਨੇ ਕਿਹਾ ਸੀ ਕਿ ਉਹ ਮਰਿਯਮ ਨੂੰ ਨਰ ਦਾ ਰੂਪ ਦੇਵੇਗਾ ਤਾਂਕਿ ਉਹ ਸਵਰਗ ਦੇ ਰਾਜ ਵਿਚ ਜਾ ਸਕੇ। ਯਿਸੂ ਦੇ ਬਚਪਨ ਬਾਰੇ ਥੋਮਾ ਦੀ ਇੰਜੀਲ ਕਹਿੰਦੀ ਹੈ ਕਿ ਉਹ ਇੰਨਾ ਭੈੜਾ ਬੱਚਾ ਸੀ ਕਿ ਉਸ ਨੇ ਜਾਣ-ਬੁੱਝ ਕੇ ਕਿਸੇ ਹੋਰ ਬੱਚੇ ਨੂੰ ਜਾਨੋਂ ਮਾਰਿਆ। ਪੌਲੁਸ ਅਤੇ ਪਤਰਸ ਦੇ ਕਰਤੱਬ ਨਾਂ ਦੀਆਂ ਘੜੀਆਂ ਲਿਖਤਾਂ ਵਿਚ ਜਿਨਸੀ ਸੰਬੰਧ ਨਾ ਰੱਖਣ ਉੱਤੇ ਜ਼ੋਰ ਦਿੱਤਾ ਗਿਆ ਹੈ ਅਤੇ ਪੌਲੁਸ ਤੇ ਪਤਰਸ ਨੇ ਸ਼ਾਦੀ-ਸ਼ੁਦਾ ਔਰਤਾਂ ਨੂੰ ਆਪਣੇ ਪਤੀਆਂ ਤੋਂ ਅਲੱਗ ਹੋਣ ਲਈ ਕਿਹਾ। ਯਹੂਦਾ ਦੀ ਇੰਜੀਲ ਅਨੁਸਾਰ ਯਿਸੂ ਉਸ ਵੇਲੇ ਆਪਣੇ ਚੇਲਿਆਂ ਉੱਤੇ ਹੱਸਿਆ ਜਦ ਉਨ੍ਹਾਂ ਨੇ ਰੋਟੀ ਖਾਣ ਤੋਂ ਪਹਿਲਾਂ ਪਰਮੇਸ਼ੁਰ ਦਾ ਸ਼ੁਕਰ ਕੀਤਾ। ਇਹ ਸਾਰੀਆਂ ਗੱਲਾਂ ਬਾਈਬਲ ਦੀਆਂ ਪੋਥੀਆਂ ਦੇ ਖ਼ਿਲਾਫ਼ ਹਨ।—ਮਰਕੁਸ 14:22; 1 ਕੁਰਿੰਥੀਆਂ 7:3-5; ਗਲਾਤੀਆਂ 3:28; ਇਬਰਾਨੀਆਂ 7:26.
ਕਈ ਘੜੀਆਂ ਲਿਖਤਾਂ ਨੌਸਟਿਕ ਮਤ ਦੇ ਖ਼ਿਆਲ ਪੇਸ਼ ਕਰਦੀਆਂ ਹਨ। ਇਸ ਮਤ ਉੱਤੇ ਚੱਲਣ ਵਾਲੇ ਮੰਨਦੇ ਸਨ ਕਿ ਸਾਡਾ ਸਿਰਜਣਹਾਰ ਯਹੋਵਾਹ ਇਕ ਚੰਗਾ ਪਰਮੇਸ਼ੁਰ ਨਹੀਂ ਹੈ। ਉਹ ਇਹ ਵੀ ਵਿਸ਼ਵਾਸ ਕਰਦੇ ਸਨ ਕਿ ਮੁਰਦਿਆਂ ਦਾ ਜੀ ਉੱਠਣਾ ਹਕੀਕਤ ਨਹੀਂ ਹੈ, ਸਾਰੀਆਂ ਸਰੀਰਕ ਚੀਜ਼ਾਂ ਬੁਰੀਆਂ ਹਨ ਅਤੇ ਵਿਆਹ ਤੇ ਬੱਚੇ ਪੈਦਾ ਕਰਨ ਦੀ ਦਾਤ ਸ਼ਤਾਨ ਤੋਂ ਮਿਲੀ ਹੈ।
ਕਿਹਾ ਜਾਂਦਾ ਹੈ ਕਿ ਕਈ ਘੜੀਆਂ ਲਿਖਤਾਂ ਉਨ੍ਹਾਂ ਲੋਕਾਂ ਦੁਆਰਾ ਲਿਖੀਆਂ ਗਈਆਂ ਸਨ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ, ਪਰ ਇਹ ਗੱਲ ਸੱਚ ਨਹੀਂ ਹੈ। ਕੀ ਕਿਸੇ ਵੱਡੀ ਸਾਜ਼ਸ਼ ਕਰਕੇ ਇਨ੍ਹਾਂ ਲਿਖਤਾਂ ਨੂੰ ਬਾਈਬਲ ਵਿਚ ਨਹੀਂ ਗਿਣਿਆ ਜਾਂਦਾ? ਇਸ ਵਿਸ਼ੇ ਦੇ ਇਕ ਮਾਹਰ ਨੇ ਕਿਹਾ: “ਇਹ ਕਿਸੇ ਦੀ ਸਾਜ਼ਸ਼ ਨਹੀਂ ਕਿ ਇਨ੍ਹਾਂ ਲਿਖਤਾਂ ਨੂੰ ਨਵੇਂ ਨੇਮ ਦਾ ਹਿੱਸਾ ਨਹੀਂ ਮੰਨਿਆ ਜਾਂਦਾ: ਉਨ੍ਹਾਂ ਨੇ ਖ਼ੁਦ ਆਪਣੇ ਪੈਰਾਂ ਉੱਤੇ ਕੁਹਾੜੀ ਮਾਰੀ ਹੈ।”
ਬਾਈਬਲ ਦੇ ਲਿਖਾਰੀਆਂ ਦੀ ਧਰਮ-ਤਿਆਗ ਬਾਰੇ ਚੇਤਾਵਨੀ
ਬਾਈਬਲ ਵਿਚ ਇਸ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਕਿ ਧਰਮ-ਤਿਆਗ ਦਾ ਮਸੀਹੀ ਕਲੀਸਿਯਾ ਉੱਤੇ ਬੁਰਾ ਅਸਰ ਪਵੇਗਾ। ਅਸਲ ਵਿਚ ਪਹਿਲੀ ਸਦੀ ਵਿਚ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ ਸੀ, ਪਰ ਰਸੂਲਾਂ ਨੇ ਇਸ ਦੇ ਅਸਰ ਨੂੰ ਕੁਝ ਹੱਦ ਤਕ ਰੋਕ ਕੇ ਰੱਖਿਆ। (ਰਸੂਲਾਂ ਦੇ ਕਰਤੱਬ 20:30; 2 ਥੱਸਲੁਨੀਕੀਆਂ 2:3, 6, 7; 2 ਪਤਰਸ 2:1; 1 ਯੂਹੰਨਾ 2:18, 19) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਘੜੀਆਂ ਲਿਖਤਾਂ ਕਿਉਂ ਫੈਲਣੀਆਂ ਸ਼ੁਰੂ ਹੋਈਆਂ ਸਨ ਜੋ ਯਿਸੂ ਦੀਆਂ ਸਿੱਖਿਆਵਾਂ ਦੇ ਉਲਟ ਸਨ।
ਇਹ ਸੱਚ ਹੈ ਕਿ ਇਹ ਘੜੀਆਂ ਲਿਖਤਾਂ ਪੁਰਾਣੀਆਂ ਹਨ ਅਤੇ ਕੁਝ ਵਿਦਵਾਨਾਂ ਤੇ ਇਤਿਹਾਸਕਾਰਾਂ ਲਈ ਇਹ ਬਹੁਤ ਅਨਮੋਲ ਹਨ। ਪਰ ਜ਼ਰਾ ਸੋਚੋ: ਜੇ ਕੋਈ ਵਿਦਵਾਨ ਅੱਜ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪੀਆਂ ਗ਼ਲਤ ਖ਼ਬਰਾਂ ਅਤੇ ਕੱਟੜ ਧਾਰਮਿਕ ਪੰਥਾਂ ਦੀਆਂ ਕਿਤਾਬਾਂ ਵਿੱਚੋਂ ਕਾਤਰਾਂ ਕੱਟ ਕੇ ਉਨ੍ਹਾਂ ਨੂੰ ਕਿਸੇ ਤਿਜੌਰੀ ਵਿਚ ਸਾਂਭ ਕੇ ਰੱਖਣ, ਤਾਂ ਕੀ ਹੋਵੇਗਾ? ਕੀ ਸਮੇਂ ਦੇ ਬੀਤਣ ਨਾਲ ਇਹ ਲਿਖਤਾਂ ਸੱਚੀਆਂ ਤੇ ਭਰੋਸੇਯੋਗ ਬਣ ਜਾਣਗੀਆਂ? ਕੀ 1,700 ਸਾਲਾਂ ਤੋਂ ਬਾਅਦ ਇਹ ਝੂਠੀਆਂ ਅਤੇ ਫਜ਼ੂਲ ਲਿਖਤਾਂ ਸਿਰਫ਼ ਇਸ ਲਈ ਸੱਚੀਆਂ ਬਣ ਜਾਣਗੀਆਂ ਕਿਉਂਕਿ ਇਹ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ?
ਬਿਲਕੁਲ ਨਹੀਂ! ਇਸੇ ਤਰ੍ਹਾਂ ਝੂਠੀਆਂ ਲਿਖਤਾਂ ਵਿਚ ਕੀਤੇ ਗਏ ਦਾਅਵੇ ਵੀ ਝੂਠੇ ਹਨ, ਜਿਵੇਂ ਕਿ ਯਿਸੂ ਨੇ ਮਰਿਯਮ ਮਗਦਲੀਨੀ ਨਾਲ ਵਿਆਹ ਕੀਤਾ ਸੀ। ਅਸੀਂ ਇਨ੍ਹਾਂ ਘੜੀਆਂ ਲਿਖਤਾਂ ਉੱਤੇ ਵਿਸ਼ਵਾਸ ਕਿਉਂ ਕਰੀਏ ਜਦ ਕਿ ਸਾਡੇ ਕੋਲ ਸੱਚੀਆਂ ਲਿਖਤਾਂ ਹਨ? ਜੋ ਕੁਝ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਯਿਸੂ ਬਾਰੇ ਦੱਸਣਾ ਚਾਹੁੰਦਾ ਹੈ ਉਹ ਸਭ ਬਾਈਬਲ ਵਿਚ ਹੈ ਤੇ ਅਸੀਂ ਇਸ ਉੱਤੇ ਭਰੋਸਾ ਰੱਖ ਸਕਦੇ ਹਾਂ। (w10-E 04/01)
^ ਪੈਰਾ 4 66 ਪੋਥੀਆਂ ਨੂੰ ਬਾਈਬਲ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਇਹ ਪੋਥੀਆਂ ਪਰਮੇਸ਼ੁਰ ਦੁਆਰਾ ਲਿਖਵਾਏ ਜਾਣ ਦਾ ਸਬੂਤ ਦਿੰਦੀਆਂ ਹਨ। ਇਹ ਪੋਥੀਆਂ ਪਰਮੇਸ਼ੁਰ ਦੇ ਬਚਨ ਦਾ ਅਟੁੱਟ ਤੇ ਲਾਜ਼ਮੀ ਹਿੱਸਾ ਹਨ।