ਰੱਬ ਕੌਣ ਹੈ?
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਰੱਬ ਕੌਣ ਹੈ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਰੱਬ ਕੌਣ ਹੈ?
ਸੱਚਾ ਪਰਮੇਸ਼ੁਰ ਸਾਰੇ ਜਹਾਨ ਦਾ ਮਾਲਕ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ “ਆਦ ਤੋਂ ਅੰਤ ਤੀਕ” ਹੈ ਜਿਸ ਦਾ ਮਤਲਬ ਹੈ ਕਿ ਨਾ ਹੀ ਉਸ ਦੀ ਕੋਈ ਸ਼ੁਰੂਆਤ ਹੈ ਅਤੇ ਨਾ ਹੀ ਉਸ ਦਾ ਕੋਈ ਅੰਤ। (ਜ਼ਬੂਰਾਂ ਦੀ ਪੋਥੀ 90:2) ਪਰਮੇਸ਼ੁਰ ਜ਼ਿੰਦਗੀ ਦੇਣ ਵਾਲਾ ਹੈ ਅਤੇ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ।—ਪਰਕਾਸ਼ ਦੀ ਪੋਥੀ 4:11 ਪੜ੍ਹੋ।
2. ਰੱਬ ਕਿਹੋ ਜਿਹਾ ਹੈ?
ਅਸੀਂ ਰੱਬ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਸਵਰਗ ਵਿਚ ਰਹਿੰਦਾ ਹੈ। ਇਸ ਕਰਕੇ ਉਹ ਧਰਤੀ ਉੱਤੇ ਰਹਿਣ ਵਾਲੇ ਇਨਸਾਨਾਂ ਨਾਲੋਂ ਕਿਤੇ ਉੱਚਾ ਹੈ। (ਯੂਹੰਨਾ 1:18) ਪਰਮੇਸ਼ੁਰ ਦੇ ਗੁਣ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਦੇਖੇ ਜਾ ਸਕਦੇ ਹਨ। ਮਿਸਾਲ ਲਈ, ਜਦੋਂ ਅਸੀਂ ਫੁੱਲਾਂ ਅਤੇ ਫਲਾਂ ਦੇ ਡੀਜ਼ਾਈਨ ਅਤੇ ਕਿਸਮਾਂ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਪਿਆਰ ਅਤੇ ਬੁੱਧ ਦੀ ਝਲਕ ਦੇਖ ਸਕਦੇ ਹਾਂ। ਬ੍ਰਹਿਮੰਡ ਪਰਮੇਸ਼ੁਰ ਦੀ ਸ਼ਕਤੀ ਦਾ ਸਬੂਤ ਦਿੰਦਾ ਹੈ।—ਰੋਮੀਆਂ 1:20 ਪੜ੍ਹੋ।
ਅਸੀਂ ਬਾਈਬਲ ਤੋਂ ਪਰਮੇਸ਼ੁਰ ਦੇ ਗੁਣਾਂ ਬਾਰੇ ਹੋਰ ਜ਼ਿਆਦਾ ਸਿੱਖ ਸਕਦੇ ਹਾਂ। ਮਿਸਾਲ ਲਈ, ਇਹ ਦੱਸਦੀ ਹੈ ਕਿ ਪਰਮੇਸ਼ੁਰ ਦੀ ਪਸੰਦ ਅਤੇ ਨਾਪਸੰਦ ਕੀ ਹੈ, ਉਹ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਹੈ ਅਤੇ ਅਲੱਗ-ਅਲੱਗ ਹਾਲਾਤਾਂ ਦਾ ਸਾਮ੍ਹਣਾ ਕਿੱਦਾਂ ਕਰਦਾ ਹੈ।—ਜ਼ਬੂਰਾਂ ਦੀ ਪੋਥੀ 103:7-10 ਪੜ੍ਹੋ।
3. ਕੀ ਰੱਬ ਦਾ ਕੋਈ ਨਾਂ ਹੈ?
ਯਿਸੂ ਨੇ ਕਿਹਾ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਪਰਮੇਸ਼ੁਰ ਦੇ ਕਈ ਖ਼ਿਤਾਬ ਹਨ, ਪਰ ਉਸ ਦਾ ਇੱਕੋ ਹੀ ਨਾਂ ਹੈ। ਹਰ ਭਾਸ਼ਾ ਵਿਚ ਇਸ ਨੂੰ ਅਲੱਗ ਤਰ੍ਹਾਂ ਨਾਲ ਉਚਾਰਿਆ ਜਾਂਦਾ ਹੈ। ਪੰਜਾਬੀ ਵਿਚ ਪਰਮੇਸ਼ੁਰ ਦਾ ਨਾਂ “ਯਹੋਵਾਹ” ਹੈ।—ਜ਼ਬੂਰਾਂ ਦੀ ਪੋਥੀ 83:18 ਪੜ੍ਹੋ।
ਕਈ ਬਾਈਬਲਾਂ ਵਿੱਚੋਂ ਯਹੋਵਾਹ ਦਾ ਨਾਂ ਕੱਢ ਕੇ ਉਸ ਦੀ ਜਗ੍ਹਾ ਪ੍ਰਭੂ ਜਾਂ ਪਰਮੇਸ਼ੁਰ ਪਾ ਦਿੱਤਾ ਗਿਆ ਹੈ। ਪਰ ਜਦੋਂ ਸ਼ੁਰੂ ਵਿਚ ਬਾਈਬਲ ਲਿਖੀ ਗਈ ਸੀ ਉਦੋਂ ਉਸ ਵਿਚ ਯਹੋਵਾਹ ਦਾ ਨਾਂ ਕੁਝ 7,000 ਵਾਰੀ ਲਿਖਿਆ ਗਿਆ ਸੀ। ਪ੍ਰਚਾਰ ਕਰਦੇ ਵੇਲੇ ਯਿਸੂ ਨੇ ਵੀ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਿਆ ਸੀ। ਉਸ ਨੇ ਪਰਮੇਸ਼ੁਰ ਨੂੰ ਜਾਣਨ ਵਿਚ ਲੋਕਾਂ ਦੀ ਮਦਦ ਕੀਤੀ ਸੀ।—ਯੂਹੰਨਾ 17:26 ਪੜ੍ਹੋ।
4. ਕੀ ਯਹੋਵਾਹ ਸਾਡੀ ਪਰਵਾਹ ਕਰਦਾ ਹੈ?
ਪਰਮੇਸ਼ੁਰ ਖ਼ੁਦ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਕਿਉਂਕਿ ਉਸ ਨੂੰ ਸਾਡਾ ਫ਼ਿਕਰ ਹੈ। (ਜ਼ਬੂਰਾਂ ਦੀ ਪੋਥੀ 65:2) ਕੀ ਦੁਨੀਆਂ ਵਿਚ ਇੰਨੇ ਦੁੱਖ-ਦਰਦ ਹੋਣ ਦਾ ਇਹ ਮਤਲਬ ਹੈ ਕਿ ਰੱਬ ਸਾਡੀ ਪਰਵਾਹ ਨਹੀਂ ਕਰਦਾ? ਕਈ ਲੋਕ ਸੋਚਦੇ ਹਨ ਕਿ ਰੱਬ ਸਾਨੂੰ ਪਰਖਣ ਲਈ ਸਾਡੇ ਉੱਤੇ ਦੁੱਖ-ਤਕਲੀਫ਼ਾਂ ਲਿਆਉਂਦਾ ਹੈ, ਪਰ ਇਹ ਸਰਾਸਰ ਝੂਠ ਹੈ। ਬਾਈਬਲ ਕਹਿੰਦੀ ਹੈ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ।”—ਅੱਯੂਬ 34:10; ਯਾਕੂਬ 1:13 ਪੜ੍ਹੋ।
ਯਹੋਵਾਹ ਨੇ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦੀ ਇਜਾਜ਼ਤ ਦੇ ਕੇ ਸਾਡਾ ਆਦਰ ਕੀਤਾ ਹੈ। ਕੀ ਅਸੀਂ ਇਸ ਗੱਲ ਦੇ ਧੰਨਵਾਦੀ ਨਹੀਂ ਹਾਂ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਦੇ ਹਾਂ? (ਯਹੋਸ਼ੁਆ 24:15) ਦੁਨੀਆਂ ਵਿਚ ਹਰ ਪਾਸੇ ਦੁੱਖ-ਤਕਲੀਫ਼ਾਂ ਹਨ ਕਿਉਂਕਿ ਲੋਕ ਇਕ-ਦੂਜੇ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਬੇਇਨਸਾਫ਼ੀ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਲੱਗਦਾ ਹੈ।—ਉਤਪਤ 6:5, 6 ਪੜ੍ਹੋ।
ਜਲਦੀ ਹੀ ਯਹੋਵਾਹ ਯਿਸੂ ਦੁਆਰਾ ਬੁਰਾਈ ਅਤੇ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ। ਪਰ ਅੱਜ ਤਕ ਯਹੋਵਾਹ ਨੇ ਦੁੱਖ-ਤਕਲੀਫ਼ਾਂ ਦਾ ਅੰਤ ਕਿਉਂ ਨਹੀਂ ਕੀਤਾ? ਇਸ ਦੇ ਪਿੱਛੇ ਇਕ ਕਾਰਨ ਹੈ। ਆਉਣ ਵਾਲਾ ਲੇਖ ਸਮਝਾਵੇਗਾ ਕਿ ਪਰਮੇਸ਼ੁਰ ਨੇ ਹਾਲੇ ਤਕ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ।—ਯਸਾਯਾਹ 11:4 ਪੜ੍ਹੋ।
5. ਰੱਬ ਸਾਡੇ ਤੋਂ ਕੀ ਚਾਹੁੰਦਾ ਹੈ?
ਯਹੋਵਾਹ ਨੇ ਸਾਨੂੰ ਇਸ ਯੋਗਤਾ ਨਾਲ ਬਣਾਇਆ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਨੂੰ ਪਿਆਰ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਸੱਚਾਈ ਸਿੱਖੀਏ। (1 ਤਿਮੋਥਿਉਸ 2:4) ਬਾਈਬਲ ਸਟੱਡੀ ਕਰਨ ਨਾਲ ਅਸੀਂ ਰੱਬ ਨਾਲ ਇਕ ਰਿਸ਼ਤਾ ਜੋੜ ਸਕਦੇ ਹਾਂ।—ਕਹਾਉਤਾਂ 2:4, 5 ਪੜ੍ਹੋ।
ਯਹੋਵਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ। ਅਸੀਂ ਪ੍ਰਾਰਥਨਾ ਕਰ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (ਕਹਾਉਤਾਂ 15:8) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਈਏ।—ਮਰਕੁਸ 12:29, 30; 1 ਯੂਹੰਨਾ 5:3 ਪੜ੍ਹੋ। (w11-E 02/01)
ਹੋਰ ਜਾਣਕਾਰੀ ਲਈ ਇਸ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਪਹਿਲਾ ਅਧਿਆਏ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 23 ਉੱਤੇ ਤਸਵੀਰ]
ਪਰਮੇਸ਼ੁਰ ਨੇ ਹਾਲੇ ਤਕ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?