Skip to content

Skip to table of contents

ਧਰਤੀ ਲਈ ਰੱਬ ਦਾ ਕੀ ਮਕਸਦ ਹੈ?

ਧਰਤੀ ਲਈ ਰੱਬ ਦਾ ਕੀ ਮਕਸਦ ਹੈ?

ਪਰਮੇਸ਼ੁਰ ਦੇ ਬਚਨ ਤੋਂ ਸਿੱਖੋ

ਧਰਤੀ ਲਈ ਰੱਬ ਦਾ ਕੀ ਮਕਸਦ ਹੈ?

ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।

1. ਧਰਤੀ ਲਈ ਰੱਬ ਦਾ ਕੀ ਮਕਸਦ ਹੈ?

ਧਰਤੀ ਇਨਸਾਨਾਂ ਦੇ ਰਹਿਣ ਲਈ ਬਣਾਈ ਗਈ ਹੈ। ਸਵਰਗ ਵਿਚ ਦੂਤ ਬਣਾਉਣ ਤੋਂ ਬਾਅਦ ਰੱਬ ਨੇ ਧਰਤੀ ʼਤੇ ਰਹਿਣ ਲਈ ਆਦਮੀ ਨੂੰ ਬਣਾਇਆ। (ਅੱਯੂਬ 38:4, 7) ਫਿਰ ਰੱਬ ਨੇ ਪਹਿਲੇ ਆਦਮੀ ਨੂੰ ਸੋਹਣੇ ਬਾਗ਼ ਵਿਚ ਰੱਖਿਆ ਜਿਸ ਦਾ ਨਾਂ ਅਦਨ ਦਾ ਬਾਗ਼ ਸੀ। ਧਰਤੀ ʼਤੇ ਉਹ ਤੇ ਉਸ ਦੀ ਸੰਤਾਨ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸਨ।​—ਉਤਪਤ 2:15-17; ਜ਼ਬੂਰਾਂ ਦੀ ਪੋਥੀ 115:16 ਪੜ੍ਹੋ।

ਅਦਨ ਦਾ ਬਾਗ਼ ਧਰਤੀ ਦੇ ਥੋੜ੍ਹੇ ਜਿਹੇ ਹਿੱਸੇ ʼਤੇ ਹੀ ਸੀ। ਰੱਬ ਚਾਹੁੰਦਾ ਸੀ ਕਿ ਪਹਿਲੇ ਜੋੜੇ ਆਦਮ ਤੇ ਹੱਵਾਹ ਦੇ ਬੱਚੇ ਹੋਣ ਤੇ ਇਸ ਤਰ੍ਹਾਂ ਇਨਸਾਨ ਧਰਤੀ ʼਤੇ ਵਧਣ। ਫਿਰ ਉਹ ਧਰਤੀ ਉੱਤੇ ਵਾਹੀ ਕਰਨ ਤੇ ਸਾਰੀ ਧਰਤੀ ਸੋਹਣੀ ਬਣਾਉਣ। (ਉਤਪਤ 1:28) ਧਰਤੀ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ।​—ਜ਼ਬੂਰਾਂ ਦੀ ਪੋਥੀ 104:5 ਪੜ੍ਹੋ।

2. ਧਰਤੀ ਹੁਣ ਇਕ ਸੁੰਦਰ ਬਾਗ਼ ਦੀ ਤਰ੍ਹਾਂ ਕਿਉਂ ਨਹੀਂ ਹੈ?

ਆਦਮ ਤੇ ਹੱਵਾਹ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜੋ ਕੁਝ ਉਨ੍ਹਾਂ ਨੇ ਗੁਆਇਆ ਕੋਈ ਵੀ ਇਨਸਾਨ ਇਸ ਨੂੰ ਮੁੜ ਕੇ ਨਹੀਂ ਪਾ ਸਕਿਆ। ਬਾਈਬਲ ਕਹਿੰਦੀ ਹੈ: “ਧਰਤੀ ਦੁਸ਼ਟਾਂ ਦੇ ਹੱਥ ਵਿੱਚ ਦਿੱਤੀ ਗਈ ਹੈ।”​—ਅੱਯੂਬ 9:24; ਉਤਪਤ 3:23, 24 ਪੜ੍ਹੋ।

ਪਰ ਯਹੋਵਾਹ ਇਨਸਾਨਾਂ ਲਈ ਆਪਣੇ ਮਕਸਦ ਨੂੰ ਭੁੱਲਿਆ ਨਹੀਂ ਹੈ ਤੇ ਉਸ ਦਾ ਮਕਸਦ ਅਧੂਰਾ ਨਹੀਂ ਰਹੇਗਾ। (ਯਸਾਯਾਹ 45:18) ਇਕ ਦਿਨ ਸਾਰੀ ਧਰਤੀ ਸੁੰਦਰ ਬਣ ਜਾਵੇਗੀ ਤੇ ਲੋਕ ਸੁੱਖ-ਸ਼ਾਂਤੀ ਨਾਲ ਰਹਿਣਗੇ।​ਜ਼ਬੂਰਾਂ ਦੀ ਪੋਥੀ 37:11 ਪੜ੍ਹੋ।

3. ਰੱਬ ਧਰਤੀ ʼਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ?

ਧਰਤੀ ʼਤੇ ਸ਼ਾਂਤੀ ਕਾਇਮ ਕਰਨ ਲਈ ਰੱਬ ਪਹਿਲਾਂ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। ਆਰਮਾਗੇਡਨ ਦੇ ਯੁੱਧ ਵਿਚ ਰੱਬ ਦੇ ਦੂਤ ਉਨ੍ਹਾਂ ਸਾਰੇ ਲੋਕਾਂ ਦਾ ਨਾਸ਼ ਕਰਨਗੇ ਜੋ ਰੱਬ ਦਾ ਵਿਰੋਧ ਕਰਦੇ ਹਨ। ਸ਼ਤਾਨ ਨੂੰ 1,000 ਸਾਲ ਲਈ ਕੈਦ ਵਿਚ ਸੁੱਟਿਆ ਜਾਵੇਗਾ। ਪਰ ਜਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਹਨ ਉਹ ਧਰਤੀ ʼਤੇ ਜ਼ਿੰਦਗੀ ਦਾ ਆਨੰਦ ਮਾਣਨਗੇ।​ਪਰਕਾਸ਼ ਦੀ ਪੋਥੀ 16:14, 16; 20:1-3; 21:3, 4 ਪੜ੍ਹੋ।

4. ਦੁੱਖ ਕਦੋਂ ਮਿਟਾਏ ਜਾਣਗੇ?

1,000 ਸਾਲ ਦੌਰਾਨ ਯਿਸੂ ਸਵਰਗ ਤੋਂ ਧਰਤੀ ʼਤੇ ਰਾਜ ਕਰੇਗਾ ਤੇ ਧਰਤੀ ਨੂੰ ਮੁੜ ਸੋਹਣਾ ਬਣਾਵੇਗਾ। ਨਾਲੇ ਉਹ ਉਨ੍ਹਾਂ ਲੋਕਾਂ ਦੇ ਪਾਪ ਮਾਫ਼ ਕਰੇਗਾ ਜੋ ਰੱਬ ਨੂੰ ਪਿਆਰ ਕਰਦੇ ਹਨ। ਯਿਸੂ ਬੀਮਾਰੀਆਂ, ਬੁਢਾਪੇ ਤੇ ਮੌਤ ਨੂੰ ਖ਼ਤਮ ਕਰ ਦੇਵੇਗਾ।​ਯਸਾਯਾਹ 11:9; 25:8; 33:24; 35:1 ਪੜ੍ਹੋ।

ਧਰਤੀ ਤੋਂ ਰੱਬ ਬੁਰਾਈ ਕਦੋਂ ਖ਼ਤਮ ਕਰੇਗਾ? ਯਿਸੂ ਨੇ “ਲੱਛਣ” ਦੱਸੇ ਸਨ ਜਿਸ ਤੋਂ ਪਤਾ ਲੱਗਣਾ ਸੀ ਕਿ ਅੰਤ ਨੇੜੇ ਹੈ। ਅੱਜ ਦੁਨੀਆਂ ਦੇ ਹਾਲਾਤਾਂ ਕਾਰਨ ਧਰਤੀ ʼਤੇ ਇਨਸਾਨਾਂ ਦਾ ਰਹਿਣਾ ਮੁਸ਼ਕਲ ਹੈ ਤੇ ਇਹ ਭੈੜੇ ਹਾਲਾਤ ਦਿਖਾਉਂਦੇ ਹਨ ਕਿ ਅਸੀਂ “ਜੁਗ ਦੇ ਅੰਤ” ਵਿਚ ਰਹਿ ਰਹੇ ਹਾਂ।​—ਮੱਤੀ 24:3, 7-14, 21, 22; 2 ਤਿਮੋਥਿਉਸ 3:1-5 ਪੜ੍ਹੋ।

5. ਸੋਹਣੀ ਧਰਤੀ ʼਤੇ ਕੌਣ ਰਹਿਣਗੇ?

ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਚੇਲੇ ਬਣਾਉਣ ਤੇ ਉਨ੍ਹਾਂ ਨੂੰ ਰੱਬ ਦੇ ਰਾਹਾਂ ਬਾਰੇ ਸਿਖਾਉਣ ਲਈ ਕਿਹਾ ਸੀ। (ਮੱਤੀ 28:19, 20) ਦੁਨੀਆਂ ਭਰ ਵਿਚ ਰੱਬ ਲੱਖਾਂ ਹੀ ਲੋਕਾਂ ਨੂੰ ਸੋਹਣੀ ਧਰਤੀ ਉੱਤੇ ਰਹਿਣ ਲਈ ਤਿਆਰ ਕਰ ਰਿਹਾ ਹੈ। (ਸਫ਼ਨਯਾਹ 2:3) ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਵਿਚ ਆਦਮੀ ਚੰਗੇ ਪਤੀ ਤੇ ਪਿਤਾ ਅਤੇ ਔਰਤਾਂ ਚੰਗੀਆਂ ਪਤਨੀਆਂ ਤੇ ਮਾਵਾਂ ਬਣਨਾ ਸਿੱਖਦੀਆਂ ਹਨ। ਬੱਚੇ ਤੇ ਮਾਪੇ ਇਕੱਠੇ ਹੋ ਕੇ ਇਹ ਸਿੱਖਦੇ ਹਨ ਕਿ ਭਵਿੱਖ ਵਿਚ ਉਹ ਕਿੱਦਾਂ ਵਧੀਆ ਜ਼ਿੰਦਗੀ ਪਾ ਸਕਦੇ ਹਨ।​—ਮੀਕਾਹ 4:1-4 ਪੜ੍ਹੋ।

ਕਿੰਗਡਮ ਹਾਲ ਵਿਚ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਰੱਬ ਨੂੰ ਪਿਆਰ ਕਰਦੇ ਹਨ ਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।​ਇਬਰਾਨੀਆਂ 10:24, 25 ਪੜ੍ਹੋ। (w11-E 04/01)

ਹੋਰ ਜਾਣਕਾਰੀ ਲਈ ਇਸ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਤੀਜਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।