Skip to content

Skip to table of contents

ਦੁਨੀਆਂ ਦੇ ਹਾਕਮ ਦਾ ਪਰਦਾਫ਼ਾਸ਼

ਦੁਨੀਆਂ ਦੇ ਹਾਕਮ ਦਾ ਪਰਦਾਫ਼ਾਸ਼

ਦੁਨੀਆਂ ਦੇ ਹਾਕਮ ਦਾ ਪਰਦਾਫ਼ਾਸ਼

ਯਿਸੂ ਨੇ ਇਕ ਮੌਕੇ ਤੇ ਲੋਕਾਂ ਨੂੰ ਕਿਹਾ: “ਦੁਨੀਆਂ ਦੇ ਹਾਕਮ ਨੂੰ ਬਾਹਰ ਕੱਢਿਆ ਜਾਵੇਗਾ।” ਫਿਰ ਉਸ ਨੇ ਕਿਹਾ: ‘ਦੁਨੀਆਂ ਦੇ ਹਾਕਮ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ’ ਅਤੇ “ਦੁਨੀਆਂ ਦੇ ਹਾਕਮ ਦਾ ਨਿਆਂ ਕਰ ਦਿੱਤਾ ਗਿਆ ਹੈ।” (ਯੂਹੰਨਾ 12:31; 14:30; 16:11) ਯਿਸੂ ਕਿਸ ਦੀ ਗੱਲ ਕਰ ਰਿਹਾ ਸੀ?

ਯਿਸੂ ‘ਇਸ ਦੁਨੀਆਂ ਦੇ ਹਾਕਮ’ ਬਾਰੇ ਜੋ ਇੱਥੇ ਕਹਿ ਰਿਹਾ ਸੀ, ਉਸ ਤੋਂ ਜ਼ਾਹਰ ਹੈ ਕਿ ਉਹ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਬਾਰੇ ਗੱਲ ਨਹੀਂ ਕਰ ਰਿਹਾ ਸੀ। ਤਾਂ ਫਿਰ ‘ਇਸ ਦੁਨੀਆਂ ਦਾ ਹਾਕਮ’ ਕੌਣ ਹੈ? ਉਸ ਨੂੰ ਕਿਵੇਂ “ਬਾਹਰ ਕੱਢਿਆ ਜਾਵੇਗਾ” ਅਤੇ ਉਸ ਦਾ “ਨਿਆਂ” ਕਿਵੇਂ ਕੀਤਾ ਗਿਆ ਹੈ?

“ਦੁਨੀਆਂ ਦਾ ਹਾਕਮ” ਆਪਣਾ ਭੇਤ ਖੋਲ੍ਹਦਾ ਹੈ

ਜਿਵੇਂ ਇਕ ਅਪਰਾਧੀ ਆਪਣੀ ਤਾਕਤ ਉੱਤੇ ਸ਼ੇਖ਼ੀ ਮਾਰਦਾ ਹੈ, ਉਸੇ ਤਰ੍ਹਾਂ ਸ਼ੈਤਾਨ ਨੇ ਪਰਮੇਸ਼ੁਰ ਦੇ ਪੁੱਤਰ ਯਿਸੂ ਨੂੰ ਪਰਤਾਉਣ ਵੇਲੇ ਕੀਤਾ ਸੀ। ਯਿਸੂ ਨੂੰ ਦੁਨੀਆਂ ਦੀਆਂ “ਸਾਰੀਆਂ ਬਾਦਸ਼ਾਹੀਆਂ” ਦਿਖਾਉਣ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਇਹ ਪੇਸ਼ਕਸ਼ ਕੀਤੀ: “ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ, ਕਿਉਂਕਿ ਮੈਨੂੰ ਇਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦੇ ਸਕਦਾ ਹਾਂ। ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।”—ਲੂਕਾ 4:5-7.

ਕੁਝ ਲੋਕ ਮੰਨਦੇ ਹਨ ਕਿ ਸ਼ੈਤਾਨ ਅਸਲੀ ਨਹੀਂ ਹੈ, ਸਗੋਂ ਉਹ ਸਾਡੇ ਅੰਦਰਲੀ ਬੁਰਾਈ ਹੈ। ਜੇ ਇਹ ਗੱਲ ਸੱਚ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਯਿਸੂ ਆਪਣੇ ਅੰਦਰਲੀ ਬੁਰਾਈ ਜਾਂ ਸ਼ਾਇਦ ਆਪਣੇ ਬਪਤਿਸਮੇ ਤੋਂ ਬਾਅਦ ਆਪਣੇ ਅੰਦਰ ਚੱਲ ਰਹੀ ਕਸ਼ਮਕਸ਼ ਕਾਰਨ ਪਰਤਾਇਆ ਗਿਆ ਸੀ? ਜੇ ਇਸ ਤਰ੍ਹਾਂ ਹੈ, ਤਾਂ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ “ਉਸ ਵਿਚ ਕੋਈ ਪਾਪ ਨਹੀਂ ਹੈ”? (1 ਯੂਹੰਨਾ 3:5) ਯਿਸੂ ਨੇ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਕਿ ਸ਼ੈਤਾਨ ਦੁਨੀਆਂ ’ਤੇ ਅਧਿਕਾਰ ਰੱਖਦਾ ਹੈ, ਸਗੋਂ ਉਸ ਨੇ ਇਸ ਗੱਲ ਦੀ ਹਾਮੀ ਭਰੀ ਜਦੋਂ ਉਸ ਨੇ ਕਿਹਾ ਕਿ ਸ਼ੈਤਾਨ “ਦੁਨੀਆਂ ਦਾ ਹਾਕਮ,” “ਕਾਤਲ” ਅਤੇ “ਝੂਠਾ” ਹੈ।—ਯੂਹੰਨਾ 14:30; 8:44.

ਸ਼ੈਤਾਨ ਵੱਲੋਂ ਯਿਸੂ ਦੀ ਪਰੀਖਿਆ ਲਈ ਜਾਣ ਤੋਂ ਕੁਝ 60 ਕੁ ਸਾਲ ਬਾਅਦ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸ਼ੈਤਾਨ ਦੇ ਜ਼ਬਰਦਸਤ ਪ੍ਰਭਾਵ ਬਾਰੇ ਯਾਦ ਕਰਾਉਂਦੇ ਹੋਏ ਕਿਹਾ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” ਯੂਹੰਨਾ ਨੇ ਵੀ ਕਿਹਾ ਕਿ ਸ਼ੈਤਾਨ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (1 ਯੂਹੰਨਾ 5:19; ਪ੍ਰਕਾਸ਼ ਦੀ ਕਿਤਾਬ 12:9) ਤਾਂ ਫਿਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਦੁਨੀਆਂ ਦਾ ਹਾਕਮ” ਇਕ ਅਦਿੱਖ ਦੂਤ ਹੈ। ਪਰ ਮਨੁੱਖਜਾਤੀ ’ਤੇ ਉਸ ਦਾ ਅਸਰ ਕਿਸ ਹੱਦ ਤਕ ਹੋ ਰਿਹਾ ਹੈ?

ਦੁਨੀਆਂ ਦਾ ਹਾਕਮ ਆਪਣੇ ਸਾਥੀਆਂ ਨੂੰ ਤਾਕਤ ਦਿੰਦਾ ਹੈ

ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਮਸੀਹੀ ਜੋ ਲੜਾਈ ਲੜ ਰਹੇ ਹਨ, ਉਸ ਬਾਰੇ ਲਿਖਦੇ ਸਮੇਂ ਪੌਲੁਸ ਰਸੂਲ ਨੇ ਸਾਡੇ ਸਭ ਤੋਂ ਵੱਡੇ ਦੁਸ਼ਮਣ ਦੀ ਪਛਾਣ ਕਰਾਈ। ਉਸ ਨੇ ਸਾਫ਼-ਸਾਫ਼ ਕਿਹਾ, “ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।” (ਅਫ਼ਸੀਆਂ 6:12) ਇਸ ਲਈ ਇਹ ਲੜਾਈ ਇਨਸਾਨੀ ਦਾਇਰੇ ਤੋਂ ਬਾਹਰ ਹੈ ਕਿਉਂਕਿ ਇਹ “ਇਨਸਾਨਾਂ ਨਾਲ ਨਹੀਂ,” ਸਗੋਂ “ਸ਼ਕਤੀਸ਼ਾਲੀ ਦੁਸ਼ਟ ਦੂਤਾਂ” ਨਾਲ ਹੈ।

ਜ਼ਿਆਦਾਤਰ ਨਵੀਆਂ ਬਾਈਬਲਾਂ ਦੇ ਮੁਤਾਬਕ ‘ਸ਼ਕਤੀਸ਼ਾਲੀ ਦੁਸ਼ਟ ਦੂਤ,’ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ, ਸਾਡੇ ਅੰਦਰਲੀ ਬੁਰਾਈ ਨੂੰ ਨਹੀਂ ਦਰਸਾਉਂਦੇ। ਕੁਝ ਬਾਈਬਲਾਂ ਵਿਚ ਇਸ ਆਇਤ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: “ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ,” (ERV) ਅਤੇ “ਅਕਾਸ਼ੀ ਭੈੜੀਆਂ ਆਤਮਕ ਸ਼ਕਤੀਆਂ” (CL)। ਤਾਂ ਫਿਰ ਸ਼ੈਤਾਨ ਆਪਣੀ ਤਾਕਤ ਦੂਸਰੇ ਬਗਾਵਤੀ ਦੂਤਾਂ ਦੇ ਜ਼ਰੀਏ ਵਰਤਦਾ ਹੈ ਜਿਨ੍ਹਾਂ ਨੇ ਸਵਰਗ ਵਿਚ “ਆਪਣੇ ਰਹਿਣ ਦੀ ਸਹੀ ਜਗ੍ਹਾ ਨੂੰ ਛੱਡ ਦਿੱਤਾ” ਸੀ।—ਯਹੂਦਾਹ 6.

ਬਾਈਬਲ ਵਿਚ ਦਾਨੀਏਲ ਦੀ ਕਿਤਾਬ ਦੱਸਦੀ ਹੈ ਕਿ ਇਹ “ਦੁਨੀਆਂ ਦੇ ਹਾਕਮ” ਪ੍ਰਾਚੀਨ ਸਮਿਆਂ ਤੋਂ ਹੀ ਦੁਨੀਆਂ ’ਤੇ ਆਪਣਾ ਅਧਿਕਾਰ ਚਲਾਉਂਦੇ ਆਏ ਹਨ। 537 ਈਸਵੀ ਪੂਰਵ ਵਿਚ ਬਾਬਲ ਦੀ ਗ਼ੁਲਾਮੀ ਵਿੱਚੋਂ ਨਿਕਲ ਕੇ ਵਾਪਸ ਯਰੂਸ਼ਲਮ ਆਏ ਯਹੂਦੀਆਂ ਦਾ ਦਾਨੀਏਲ ਨੂੰ ਬਹੁਤ ਫ਼ਿਕਰ ਸੀ। ਇਸ ਲਈ ਉਸ ਨੇ ਤਿੰਨ ਹਫ਼ਤਿਆਂ ਤਕ ਉਨ੍ਹਾਂ ਲਈ ਪ੍ਰਾਰਥਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿਵਾਉਣ ਲਈ ਇਕ ਦੂਤ ਘੱਲਿਆ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਆਉਣ ਵਿਚ ਦੇਰ ਕਿਉਂ ਹੋ ਗਈ ਸੀ। ਉਸ ਨੇ ਕਿਹਾ: ‘ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਸੀ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਸੀ।’—ਦਾਨੀਏਲ 10:2, 13, ERV.

ਇਹ “ਫ਼ਾਰਸ ਦਾ ਸ਼ਹਿਜ਼ਾਦਾ” ਕੌਣ ਸੀ? ਜ਼ਾਹਰ ਹੈ ਕਿ ਪਰਮੇਸ਼ੁਰ ਵੱਲੋਂ ਆਇਆ ਦੂਤ ਫ਼ਾਰਸ ਦੇ ਰਾਜਾ ਖੋਰਸ ਦੀ ਗੱਲ ਨਹੀਂ ਕਰ ਰਿਹਾ ਸੀ ਜੋ ਉਸ ਸਮੇਂ ਦਾਨੀਏਲ ਅਤੇ ਉਸ ਦੇ ਲੋਕਾਂ ਤੋਂ ਬਹੁਤ ਖ਼ੁਸ਼ ਸੀ। ਇਸ ਤੋਂ ਇਲਾਵਾ, ਇਕ ਆਮ ਇਨਸਾਨੀ ਰਾਜਾ ਤਿੰਨ ਹਫ਼ਤਿਆਂ ਤਕ ਇਕ ਦੂਤ ਦਾ ਮੁਕਾਬਲਾ ਕਿਵੇਂ ਕਰ ਸਕਦਾ ਸੀ ਜਦ ਕਿ ਇਕ ਦੂਤ ਨੇ ਰਾਤੋ-ਰਾਤ 1,85,000 ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਸੀ? (ਯਸਾਯਾਹ 37:36) ਇਹ “ਫ਼ਾਰਸ ਦਾ ਸ਼ਹਿਜ਼ਾਦਾ” ਸ਼ੈਤਾਨ ਦਾ ਭੇਜਿਆ ਇਕ ਦੁਸ਼ਟ ਦੂਤ ਹੀ ਹੋ ਸਕਦਾ ਸੀ ਜਿਸ ਨੂੰ ਫ਼ਾਰਸੀ ਸਾਮਰਾਜ ਉੱਤੇ ਅਧਿਕਾਰ ਦਿੱਤਾ ਗਿਆ ਸੀ। ਬਾਅਦ ਵਿਚ ਬਿਰਤਾਂਤ ਦੱਸਦਾ ਹੈ ਕਿ ਪਰਮੇਸ਼ੁਰ ਦੇ ਦੂਤ ਨੇ ਕਿਹਾ ਕਿ ਉਸ ਨੂੰ ਇਕ ਵਾਰ ਫਿਰ “ਫ਼ਾਰਸ ਦੇ ਸ਼ਹਿਜ਼ਾਦੇ” ਅਤੇ ਇਕ ਹੋਰ ਦੁਸ਼ਟ ਦੂਤ ਯਾਨੀ ‘ਯੂਨਾਨ ਦੇ ਸ਼ਹਿਜ਼ਾਦੇ’ ਨਾਲ ਲੜਨਾ ਪਵੇਗਾ।—ਦਾਨੀਏਲ 10:20, ERV.

ਇਸ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਇਹੀ ਕਿ “ਦੁਨੀਆਂ ਦੇ ਹਾਕਮ” ਯਾਨੀ ਅਦਿੱਖ ਦੁਸ਼ਟ ਦੂਤ ਆਪਣੇ ਸਰਦਾਰ ਸ਼ੈਤਾਨ ਦੇ ਅਧਿਕਾਰ ਅਧੀਨ ਦੁਨੀਆਂ ਉੱਤੇ ਅਧਿਕਾਰ ਚਲਾਉਂਦੇ ਹਨ। ਪਰ ਹੁਣ ਤਕ ਉਨ੍ਹਾਂ ਦਾ ਮਕਸਦ ਕੀ ਰਿਹਾ ਹੈ?

ਦੁਨੀਆਂ ਦਾ ਹਾਕਮ ਆਪਣਾ ਅਸਲੀ ਰੂਪ ਦਿਖਾਉਂਦਾ ਹੈ

ਬਾਈਬਲ ਦੀ ਆਖ਼ਰੀ ਕਿਤਾਬ ਪ੍ਰਕਾਸ਼ ਵਿਚ ਯੂਹੰਨਾ ਰਸੂਲ ਦੱਸਦਾ ਹੈ ਕਿ ਮਹਾਂ ਦੂਤ ਮੀਕਾਏਲ ਯਾਨੀ ਯਿਸੂ ਕਿਵੇਂ ਸ਼ੈਤਾਨ ਅਤੇ ਉਸ ਦੇ ਸਾਥੀ ਦੂਤਾਂ ਨੂੰ ਹਰਾਉਂਦਾ ਹੈ ਅਤੇ ਸਵਰਗ ਵਿੱਚੋਂ ਉਨ੍ਹਾਂ ਨੂੰ ਕੱਢੇ ਜਾਣ ਦੇ ਕਿਹੜੇ ਤਬਾਹਕੁਨ ਨਤੀਜੇ ਨਿਕਲਦੇ ਹਨ। ਅਸੀਂ ਪੜ੍ਹਦੇ ਹਾਂ: “ਧਰਤੀ . . . ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”—ਪ੍ਰਕਾਸ਼ ਦੀ ਕਿਤਾਬ 12:9, 12.

ਸ਼ੈਤਾਨ ਨੇ ਆਪਣੇ ਗੁੱਸੇ ਨੂੰ ਕਿਵੇਂ ਪ੍ਰਗਟ ਕੀਤਾ ਹੈ? ਜਿਸ ਤਰ੍ਹਾਂ ਕਈ ਖ਼ਤਰਨਾਕ ਅਪਰਾਧੀ ਰਾਜ ਕਰਨ ਜਾਂ ਤਬਾਹੀ ਮਚਾਉਣ ਦੀ ਨੀਤੀ ਉੱਤੇ ਚੱਲਦੇ ਹਨ, ਉਸੇ ਤਰ੍ਹਾਂ ਸ਼ੈਤਾਨ ਅਤੇ ਉਸ ਦੇ ਸਾਥੀ ਦੂਤਾਂ ਨੇ ਠਾਣੀ ਹੋਈ ਹੈ ਕਿ ਧਰਤੀ ਅਤੇ ਉਸ ਉੱਤੇ ਰਹਿਣ ਵਾਲੇ ਵੀ ਉਨ੍ਹਾਂ ਦੇ ਨਾਲ ਹੀ ਤਬਾਹ ਹੋ ਜਾਣ। ਇਹ ਜਾਣਦੇ ਹੋਏ ਕਿ ਉਸ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ, ਸ਼ੈਤਾਨ ਦੁਨੀਆਂ ਦੇ ਇਕ ਵੱਡੇ ਹਿੱਸੇ ਨੂੰ ਯਾਨੀ ਵਪਾਰ ਨੂੰ ਵਰਤ ਰਿਹਾ ਹੈ ਤਾਂਕਿ ਲੋਕਾਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਖ਼ਰੀਦਣ ਦੀ ਧੁਨ ਸਵਾਰ ਹੋਵੇ ਜਿਸ ਕਾਰਨ ਕੁਦਰਤੀ ਸਾਧਨਾਂ ਦੀ ਘਾਟ ਅਤੇ ਦੁਨੀਆਂ ਭਰ ਦਾ ਵਾਤਾਵਰਣ ਵਿਗੜਦਾ ਜਾ ਰਿਹਾ ਹੈ। ਨਤੀਜੇ ਵਜੋਂ ਮਨੁੱਖੀ ਹੋਂਦ ਖ਼ਤਰੇ ਵਿਚ ਹੈ।—ਪ੍ਰਕਾਸ਼ ਦੀ ਕਿਤਾਬ 11:18; 18:11-17.

ਦੁਨੀਆਂ ਦੇ ਇਤਿਹਾਸ ਦੇ ਸ਼ੁਰੂ ਤੋਂ ਹੀ ਤਾਕਤ ਲਈ ਸ਼ੈਤਾਨ ਦੀ ਪਿਆਸ ਰਾਜਨੀਤੀ ਅਤੇ ਧਰਮਾਂ ਤੋਂ ਵੀ ਦੇਖੀ ਜਾ ਸਕਦੀ ਹੈ। ਪ੍ਰਕਾਸ਼ ਦੀ ਕਿਤਾਬ ਰਾਜਨੀਤੀ ਤਾਕਤਾਂ ਨੂੰ ਵਹਿਸ਼ੀ ਦਰਿੰਦਿਆਂ ਵਜੋਂ ਦਰਸਾਉਂਦੀ ਹੈ ਜਿਨ੍ਹਾਂ ਨੂੰ ਸ਼ੈਤਾਨ ਨੇ “ਬਹੁਤ ਸਾਰਾ ਅਧਿਕਾਰ” ਦਿੱਤਾ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਰਾਜਨੀਤੀ ਅਤੇ ਧਰਮਾਂ ਦਾ ਆਪਸ ਵਿਚ ਸੰਬੰਧ ਇੰਨਾ ਘਿਣਾਉਣਾ ਹੈ ਕਿ ਇਸ ਨੂੰ ਹਰਾਮਕਾਰੀ ਦਾ ਨਾਂ ਦਿੱਤਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 13:2; 17:1, 2) ਸਦੀਆਂ ਤੋਂ ਕੀਤੇ ਗਏ ਜ਼ੁਲਮਾਂ, ਗ਼ੁਲਾਮੀ, ਯੁੱਧਾਂ ਅਤੇ ਨਸਲੀ ਦੰਗਿਆਂ-ਫ਼ਸਾਦਾਂ ਬਾਰੇ ਜ਼ਰਾ ਸੋਚੋ ਜਿਨ੍ਹਾਂ ਕਾਰਨ ਲੱਖਾਂ ਜਾਨਾਂ ਗਈਆਂ ਹਨ। ਕੀ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ਵਿਚ ਦਰਜ ਇਨ੍ਹਾਂ ਦਿਲ ਦਹਿਲਾਉਣ ਵਾਲੀਆਂ ਖ਼ੌਫ਼ਨਾਕ ਘਟਨਾਵਾਂ ਪਿੱਛੇ ਸਿਰਫ਼ ਇਨਸਾਨਾਂ ਦਾ ਹੱਥ ਹੈ? ਜਾਂ ਕੀ ਇਨ੍ਹਾਂ ਪਿੱਛੇ ਦੁਸ਼ਟ ਦੂਤਾਂ ਦਾ ਹੱਥ ਹੈ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ?

ਬਾਈਬਲ ਸਾਫ਼-ਸਾਫ਼ ਉਸ ਸ਼ਖ਼ਸ ਦੀ ਪੋਲ ਖੋਲ੍ਹਦੀ ਹੈ ਜੋ ਦੁਨੀਆਂ ਦੇ ਆਗੂਆਂ ਅਤੇ ਵਿਸ਼ਵ ਸ਼ਕਤੀਆਂ ਨੂੰ ਆਪਣੀਆਂ ਉਂਗਲਾਂ ’ਤੇ ਨਚਾਉਂਦਾ ਹੈ। ਲੋਕ ਭਾਵੇਂ ਜਾਣਦੇ ਹਨ ਜਾਂ ਨਹੀਂ, ਉਹ ਦੁਨੀਆਂ ਦੇ ਹਾਕਮ ਵਰਗਾ ਸੁਭਾਅ ਦਿਖਾਉਂਦੇ ਹਨ ਅਤੇ ਉਸ ਦੀ ਰਾਜ ਕਰਨ ਜਾਂ ਤਬਾਹੀ ਮਚਾਉਣ ਦੀ ਨੀਤੀ ਅਪਣਾਉਂਦੇ ਹਨ। ਪਰ ਦੁਨੀਆਂ ਕਿੰਨੇ ਚਿਰ ਲਈ ਸ਼ੈਤਾਨ ਦੇ ਰਾਜ ਅਧੀਨ ਦੁੱਖ ਸਹਿੰਦੀ ਰਹੇਗੀ?

ਸ਼ੈਤਾਨ ਦੀਆਂ ਆਖ਼ਰੀ ਘੜੀਆਂ

ਪਹਿਲੀ ਸਦੀ ਵਿਚ ਮਸੀਹ ਨੇ ਧਰਤੀ ’ਤੇ ਹੁੰਦਿਆਂ ਜੋ ਕੁਝ ਕੀਤਾ, ਉਸ ਤੋਂ ਸਾਫ਼ ਜ਼ਾਹਰ ਸੀ ਕਿ ਸ਼ੈਤਾਨ ਅਤੇ ਉਸ ਦੇ ਸਾਥੀ ਦੂਤਾਂ ਦਾ ਅੰਤ ਨੇੜੇ ਸੀ। ਜਦੋਂ ਯਿਸੂ ਦੇ ਚੇਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੁਸ਼ਟ ਦੂਤਾਂ ਨੂੰ ਲੋਕਾਂ ਵਿੱਚੋਂ ਕਿਵੇਂ ਕੱਢਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ।” (ਲੂਕਾ 10:18) ਇਹ ਕਹਿ ਕੇ ਯਿਸੂ ਭਵਿੱਖ ਵਿਚ ਦੁਨੀਆਂ ਦੇ ਹਾਕਮ ਉੱਤੇ ਹੋਣ ਵਾਲੀ ਜਿੱਤ ਦੀ ਖ਼ੁਸ਼ੀ ਮਨਾ ਰਿਹਾ ਸੀ। ਇਹ ਜਿੱਤ ਉਸ ਨੂੰ ਉਸ ਵੇਲੇ ਮਿਲਣੀ ਸੀ ਜਦ ਉਸ ਨੇ ਮਹਾਂ ਦੂਤ ਮੀਕਾਏਲ ਵਜੋਂ ਸਵਰਗ ਨੂੰ ਵਾਪਸ ਜਾਣਾ ਸੀ। (ਪ੍ਰਕਾਸ਼ ਦੀ ਕਿਤਾਬ 12:7-9) ਬਾਈਬਲ ਦੀਆਂ ਭਵਿੱਖਬਾਣੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਨਾਲ ਪਤਾ ਲੱਗਦਾ ਹੈ ਕਿ ਯਿਸੂ ਨੂੰ ਇਹ ਜਿੱਤ ਸਵਰਗ ਵਿਚ 1914 ਵਿਚ ਜਾਂ ਉਸ ਤੋਂ ਜਲਦੀ ਬਾਅਦ ਮਿਲੀ ਸੀ। *

ਉਸ ਸਮੇਂ ਤੋਂ ਹੀ ਸ਼ੈਤਾਨ ਜਾਣਦਾ ਹੈ ਕਿ ਉਸ ਦੇ ਖ਼ਤਮ ਹੋਣ ਵਿਚ ਬਹੁਤ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਹੈ। ਭਾਵੇਂ ਕਿ ‘ਸਾਰੀ ਦੁਨੀਆਂ ਉਸ ਦੇ ਵੱਸ ਵਿਚ ਹੈ,’ ਫਿਰ ਵੀ ਅੱਜ ਲੱਖਾਂ ਲੋਕ ਉਸ ਦੇ ਜਾਲ਼ ਵਿਚ ਨਹੀਂ ਫਸੇ ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਫਸਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਬਾਈਬਲ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹੀਆਂ ਹਨ ਜਿਸ ਕਰਕੇ ਉਹ ਸ਼ੈਤਾਨ ਦੀ ਅਤੇ ਉਸ ਦੀਆਂ ਚਾਲਾਂ ਦੀ ਸਹੀ ਪਛਾਣ ਕਰ ਸਕੇ ਹਨ। (2 ਕੁਰਿੰਥੀਆਂ 2:11) ਉਨ੍ਹਾਂ ਨੂੰ ਮਸੀਹੀਆਂ ਨੂੰ ਕਹੇ ਗਏ ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਉਮੀਦ ਮਿਲਦੀ ਹੈ: “ਜਲਦੀ ਹੀ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ।” *ਰੋਮੀਆਂ 16:20.

ਬਹੁਤ ਜਲਦੀ ਸ਼ੈਤਾਨ ਆਪਣਾ ਆਖ਼ਰੀ ਸਾਹ ਲਵੇਗਾ! ਪਿਆਰ ’ਤੇ ਆਧਾਰਿਤ ਮਸੀਹ ਦੇ ਰਾਜ ਅਧੀਨ ਧਰਮੀ ਇਨਸਾਨ ਪਰਮੇਸ਼ੁਰ ਦੀ ਚੌਂਕੀ ਯਾਨੀ ਧਰਤੀ ਨੂੰ ਇਕ ਸੁੰਦਰ ਬਾਗ਼ ਵਿਚ ਬਦਲ ਦੇਣਗੇ। ਹਿੰਸਾ, ਨਫ਼ਰਤ ਅਤੇ ਲਾਲਚ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਬਾਈਬਲ ਦੱਸਦੀ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ।” (ਯਸਾਯਾਹ 65:17) ਉਸ ਵੇਲੇ ਉਹ ਸਾਰੇ ਸੁਖ ਦਾ ਸਾਹ ਲੈਣਗੇ ਜੋ ਇਸ ਦੁਨੀਆਂ ਦੇ ਹਾਕਮ ਅਤੇ ਉਸ ਦੇ ਅਧਿਕਾਰ ਤੋਂ ਆਜ਼ਾਦ ਹੋ ਜਾਣਗੇ! (w11-E 09/01)

[ਫੁਟਨੋਟ]

^ ਪੈਰਾ 20 ਇਸ ਤਾਰੀਖ਼ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 215-217 ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 21 ਪੌਲੁਸ ਦੇ ਇਹ ਸ਼ਬਦ ਉਤਪਤ 3:15 ਵਿਚ ਦਰਜ ਪਹਿਲੀ ਭਵਿੱਖਬਾਣੀ ਨਾਲ ਹਾਮੀ ਭਰਦੇ ਹਨ, ਜਿਸ ਵਿਚ ਸ਼ੈਤਾਨ ਦੇ ਅੰਤ ਬਾਰੇ ਦੱਸਿਆ ਹੈ। ਉਸ ਦੀ ਮੌਤ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਉਹ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਮਤਲਬ ਵਾਈਨਜ਼ ਨਾਮਕ ਬਾਈਬਲ ਦੇ ਸ਼ਬਦਾਂ ਦੀ ਡਿਕਸ਼ਨਰੀ ਵਿਚ ਇਹ ਦਿੱਤਾ ਹੈ: “ਚਕਨਾਚੂਰ ਕਰਨਾ, ਟੁਕੜੇ-ਟੁਕੜੇ ਕਰਨੇ, ਕੁਚਲ ਕੇ ਚੂਰ-ਚੂਰ ਕਰਨਾ।”

[ਸਫ਼ਾ 29 ਉੱਤੇ ਸਰਖੀ]

ਮਸੀਹ ਦੇ ਪਿਆਰ ’ਤੇ ਆਧਾਰਿਤ ਰਾਜ ਅਧੀਨ ਧਰਮੀ ਇਨਸਾਨ ਪਰਮੇਸ਼ੁਰ ਦੀ ਚੌਂਕੀ ਯਾਨੀ ਧਰਤੀ ਨੂੰ ਇਕ ਸੁੰਦਰ ਬਾਗ਼ ਵਿਚ ਬਦਲ ਦੇਣਗੇ