ਸੱਚੇ ਭਗਤ ਹੋਣ ਦੇ ਨਾਲ-ਨਾਲ ਜ਼ਿੰਮੇਵਾਰ ਨਾਗਰਿਕ ਬਣੋ
ਸੱਚੇ ਭਗਤ ਹੋਣ ਦੇ ਨਾਲ-ਨਾਲ ਜ਼ਿੰਮੇਵਾਰ ਨਾਗਰਿਕ ਬਣੋ
ਯਿਸੂ ਦੇ ਪ੍ਰਚਾਰ ਦੀਆਂ ਕਿਹੜੀਆਂ ਦੋ ਖ਼ਾਸੀਅਤਾਂ ਸਨ? ਪਹਿਲੀ, ਯਿਸੂ ਲੋਕਾਂ ਦੇ ਦਿਲ ਬਦਲਣਾ ਚਾਹੁੰਦਾ ਸੀ, ਨਾ ਕਿ ਰਾਜਨੀਤਿਕ ਸੰਸਥਾਵਾਂ। ਮਿਸਾਲ ਲਈ, ਧਿਆਨ ਦਿਓ ਕਿ ਪਹਾੜ ਉੱਤੇ ਦਿੱਤੇ ਭਾਸ਼ਣ ਵਿਚ ਯਿਸੂ ਨੇ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ। ਲੂਣ ਅਤੇ ਚਾਨਣ ਵਰਗੇ ਬਣਨ ਦੀ ਲੋੜ ਬਾਰੇ ਗੱਲ ਕਰਨ ਤੋਂ ਥੋੜ੍ਹਾ ਚਿਰ ਪਹਿਲਾਂ ਉਸ ਨੇ ਲੋਕਾਂ ਨੂੰ ਕਿਹਾ ਕਿ ਸੱਚੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ ਜਿਹੜੇ “ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” ਫਿਰ ਉਸ ਨੇ ਕਿਹਾ: ‘ਖ਼ੁਸ਼ ਹਨ ਨਰਮ ਸੁਭਾਅ ਵਾਲੇ, ਸਾਫ਼ ਦਿਲ ਵਾਲੇ ਅਤੇ ਮੇਲ-ਮਿਲਾਪ ਰੱਖਣ ਵਾਲੇ।’ (ਮੱਤੀ 5:1-11) ਯਿਸੂ ਨੇ ਆਪਣੇ ਚੇਲਿਆਂ ਦੀ ਇਹ ਦੇਖਣ ਵਿਚ ਮਦਦ ਕੀਤੀ ਕਿ ਸਹੀ-ਗ਼ਲਤ ਬਾਰੇ ਪਰਮੇਸ਼ੁਰ ਦੇ ਮਿਆਰ ਅਨੁਸਾਰ ਆਪਣੀ ਸੋਚ ਤੇ ਭਾਵਨਾਵਾਂ ਨੂੰ ਬਦਲਣ ਅਤੇ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਕਿੰਨੀ ਅਹਿਮ ਹੈ।
ਦੂਜੀ, ਜਦੋਂ ਯਿਸੂ ਨੇ ਲੋਕਾਂ ਨੂੰ ਦੁੱਖ ਸਹਿੰਦੇ ਦੇਖਿਆ, ਤਾਂ ਉਸ ਨੂੰ ਉਨ੍ਹਾਂ ’ਤੇ ਦਇਆ ਆਈ ਜਿਸ ਕਰਕੇ ਉਸ ਨੇ ਕੁਝ ਹੱਦ ਤਕ ਉਨ੍ਹਾਂ ਦੇ ਦੁੱਖ ਦੂਰ ਕੀਤੇ। ਪਰ ਉਸ ਦਾ ਮਕਸਦ ਸਾਰੇ ਦੁੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਨਹੀਂ ਸੀ। (ਮੱਤੀ 20:30-34) ਉਸ ਨੇ ਲੋਕਾਂ ਨੂੰ ਠੀਕ ਕੀਤਾ, ਪਰ ਬੀਮਾਰੀਆਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣੀਆਂ ਰਹੀਆਂ। (ਲੂਕਾ 6:17-19) ਉਸ ਨੇ ਦੱਬੇ-ਕੁਚਲ਼ੇ ਲੋਕਾਂ ਨੂੰ ਰਾਹਤ ਦਿੱਤੀ, ਪਰ ਬੇਇਨਸਾਫ਼ੀ ਉਨ੍ਹਾਂ ਦੇ ਦੁੱਖਾਂ ਦਾ ਕਾਰਨ ਬਣੀ ਰਹੀ। ਉਸ ਨੇ ਭੁੱਖੇ ਲੋਕਾਂ ਨੂੰ ਖਾਣਾ ਖੁਆਇਆ, ਪਰ ਇਨਸਾਨ ਹਾਲੇ ਵੀ ਕਾਲ਼ ਦੀ ਮਾਰ ਸਹਿ ਰਹੇ ਹਨ।—ਮਰਕੁਸ 6:41-44.
ਦਿਲ ਬਦਲਣੇ ਅਤੇ ਦੁੱਖ ਦੂਰ ਕਰਨੇ
ਯਿਸੂ ਨੇ ਸੰਸਥਾਵਾਂ ਨੂੰ ਬਦਲਣ ਜਾਂ ਦੁੱਖਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਬਜਾਇ ਲੋਕਾਂ ਦੇ ਦਿਲ ਬਦਲਣ ਅਤੇ ਕੁਝ ਹੱਦ ਤਕ ਦੁੱਖ ਦੂਰ ਕਰਨ ਵੱਲ ਧਿਆਨ ਕਿਉਂ ਲਾਇਆ? ਯਿਸੂ ਨੂੰ ਪਤਾ ਸੀ ਕਿ ਪਰਮੇਸ਼ੁਰ ਆਪਣੇ ਰਾਜ ਰਾਹੀਂ ਭਵਿੱਖ ਵਿਚ ਇਨਸਾਨਾਂ ਦੀਆਂ ਸਾਰੀਆਂ ਸਰਕਾਰਾਂ ਅਤੇ ਸਾਰੇ ਦੁੱਖਾਂ ਦੇ ਕਾਰਨਾਂ ਨੂੰ ਮਿਟਾਵੇਗਾ। (ਲੂਕਾ 4:43; 8:1) ਇਸ ਲਈ ਇਕ ਵਾਰ ਜਦੋਂ ਚੇਲਿਆਂ ਨੇ ਯਿਸੂ ਨੂੰ ਕਿਹਾ ਕਿ ਉਹ ਬੀਮਾਰ ਲੋਕਾਂ ਨੂੰ ਠੀਕ ਕਰਨ ਵਿਚ ਹੋਰ ਸਮਾਂ ਲਾਵੇ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਤੇ ਹੋਰ, ਲਾਗਲੇ ਨਗਰਾਂ ਵਿਚ ਚੱਲੀਏ, ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰ ਸਕਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।” (ਮਰਕੁਸ 1:32-38) ਯਿਸੂ ਨੇ ਕਈ ਲੋਕਾਂ ਦੇ ਦੁੱਖ ਦੂਰ ਕੀਤੇ, ਪਰ ਉਸ ਨੇ ਪ੍ਰਚਾਰ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਨੂੰ ਪਹਿਲ ਦਿੱਤੀ।
ਅੱਜ ਪ੍ਰਚਾਰ ਕਰਦੇ ਸਮੇਂ ਯਹੋਵਾਹ ਦੇ ਗਵਾਹ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਕੰਮਾਂ ਦੁਆਰਾ ਲੋੜਵੰਦ ਲੋਕਾਂ ਦੀ ਮਦਦ ਕਰ ਕੇ ਕੁਝ ਹੱਦ ਤਕ ਉਨ੍ਹਾਂ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ ਦੇ ਗਵਾਹ ਦੁਨੀਆਂ ਵਿਚ ਹੁੰਦੀ ਬੇਇਨਸਾਫ਼ੀ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਮੰਨਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਰੇ ਦੁੱਖਾਂ ਦੇ ਕਾਰਨਾਂ ਨੂੰ ਮਿਟਾ ਦੇਵੇਗਾ। (ਮੱਤੀ 6:10) ਯਿਸੂ ਵਾਂਗ ਉਹ ਲੋਕਾਂ ਦੇ ਦਿਲਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ, ਨਾ ਕਿ ਰਾਜਨੀਤਿਕ ਸੰਸਥਾਵਾਂ ਨੂੰ। ਇਹ ਰਵੱਈਆ ਸਹੀ ਹੈ ਕਿਉਂਕਿ ਇਨਸਾਨ ਦੀਆਂ ਮੁੱਖ ਸਮੱਸਿਆਵਾਂ ਸਿਆਸੀ ਨਹੀਂ ਹਨ, ਸਗੋਂ ਇਨਸਾਨਾਂ ਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ।
ਜ਼ਿੰਮੇਵਾਰ ਨਾਗਰਿਕ
ਇਸ ਦੇ ਨਾਲ-ਨਾਲ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਚੰਗੇ ਨਾਗਰਿਕ ਬਣਨਾ ਸਾਰੇ ਮਸੀਹੀਆਂ ਦਾ ਫ਼ਰਜ਼ ਹੈ। ਇਸ ਲਈ ਉਹ ਸਰਕਾਰੀ ਅਧਿਕਾਰੀਆਂ ਦਾ ਆਦਰ-ਮਾਣ ਕਰਦੇ ਹਨ। ਆਪਣੇ ਪ੍ਰਕਾਸ਼ਨਾਂ ਅਤੇ ਪ੍ਰਚਾਰ ਦੇ ਜ਼ਰੀਏ ਉਹ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਪਰ ਜਦੋਂ ਸਰਕਾਰ ਅਜਿਹਾ ਕੁਝ ਕਰਨ ਲਈ ਕਹਿੰਦੀ ਹੈ ਜੋ ਪਰਮੇਸ਼ੁਰ ਦੇ ਹੁਕਮਾਂ ਦੇ ਉਲਟ ਹੈ, ਤਾਂ ਉਹ ‘ਇਨਸਾਨਾਂ ਦੀ ਰਸੂਲਾਂ ਦੇ ਕੰਮ 5:29; ਰੋਮੀਆਂ 13:1-7.
ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨਦੇ’ ਹਨ।—ਯਹੋਵਾਹ ਦੇ ਗਵਾਹ ਸਮਾਜ ਵਿਚ ਸਾਰੇ ਲੋਕਾਂ ਨੂੰ ਮੁਫ਼ਤ ਵਿਚ ਬਾਈਬਲ ਦੀ ਸਿੱਖਿਆ ਦੇਣ ਦੀ ਪੇਸ਼ਕਸ਼ ਕਰਦੇ ਹਨ। ਇਸ ਸਿੱਖਿਆ ਦੇ ਨਤੀਜੇ ਵਜੋਂ ਲੱਖਾਂ ਹੀ ਲੋਕਾਂ ਦੇ ਦਿਲ ਬਦਲੇ ਹਨ। ਹਰ ਸਾਲ ਹਜ਼ਾਰਾਂ ਹੀ ਲੋਕਾਂ ਦੀ ਅਜਿਹੀਆਂ ਨੁਕਸਾਨਦੇਹ ਆਦਤਾਂ ਨੂੰ ਛੱਡਣ ਵਿਚ ਮਦਦ ਕੀਤੀ ਜਾਂਦੀ ਹੈ ਜਿਵੇਂ ਸਿਗਰਟ ਪੀਣੀ, ਹੱਦੋਂ ਵੱਧ ਸ਼ਰਾਬ ਪੀਣੀ, ਨਸ਼ੇ ਕਰਨੇ, ਜੂਏਬਾਜ਼ੀ ਅਤੇ ਬਹੁਤ ਸਾਰੇ ਲੋਕਾਂ ਨਾਲ ਜਿਨਸੀ ਸੰਬੰਧ ਰੱਖਣੇ। ਇਹ ਲੋਕ ਆਪਣਾ ਚਾਲ-ਚਲਣ ਬਦਲ ਕੇ ਜ਼ਿੰਮੇਵਾਰ ਨਾਗਰਿਕ ਬਣ ਗਏ ਹਨ ਕਿਉਂਕਿ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨਾ ਸਿੱਖ ਲਿਆ ਹੈ।
ਇਸ ਦੇ ਨਾਲ-ਨਾਲ ਬਾਈਬਲ ਦੀ ਸਿੱਖਿਆ ਦੀ ਮਦਦ ਨਾਲ ਪਰਿਵਾਰ ਦੇ ਮੈਂਬਰਾਂ ਦਾ ਇਕ-ਦੂਜੇ ਲਈ ਆਦਰ ਵਧਿਆ ਹੈ ਅਤੇ ਪਤੀ-ਪਤਨੀਆਂ, ਮਾਪਿਆਂ ਅਤੇ ਬੱਚਿਆਂ ਤੇ ਬੱਚਿਆਂ ਦਾ ਆਪਸ ਵਿਚ ਗੱਲਬਾਤ ਕਰਨ ਦਾ ਤਰੀਕਾ ਸੁਧਰਿਆ ਹੈ। ਇਸ ਤਰ੍ਹਾਂ ਪਰਿਵਾਰ ਦਾ ਆਪਸੀ ਰਿਸ਼ਤਾ ਪੱਕਾ ਹੁੰਦਾ ਹੈ। ਜੀ ਹਾਂ, ਵਧੀਆ ਪਰਿਵਾਰ ਚੰਗੇ ਸਮਾਜ ਦੀ ਨੀਂਹ ਹੁੰਦੇ ਹਨ।
ਇਨ੍ਹਾਂ ਲੇਖਾਂ ਵਿਚ ਦੱਸੇ ਨੁਕਤਿਆਂ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ: ਕੀ ਸੱਚੇ ਮਸੀਹੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ? ਹਾਂ, ਬਣਨਾ ਚਾਹੀਦਾ ਹੈ। ਜ਼ਿੰਮੇਵਾਰ ਨਾਗਰਿਕ ਬਣਨ ਲਈ ਉਨ੍ਹਾਂ ਨੂੰ ਯਿਸੂ ਦੇ ਲੂਣ ਅਤੇ ਦੁਨੀਆਂ ਦੇ ਚਾਨਣ ਵਰਗੇ ਬਣਨ ਸੰਬੰਧੀ ਦਿੱਤੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ।
ਜਿਹੜੇ ਲੋਕ ਮਸੀਹ ਦੀਆਂ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹਨ, ਉਹ ਨਾ ਸਿਰਫ਼ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ, ਸਗੋਂ ਆਪਣੇ ਸਮਾਜ ਨੂੰ ਵੀ ਫ਼ਾਇਦਾ ਪਹੁੰਚਾਉਂਦੇ ਹਨ। ਯਹੋਵਾਹ ਦੇ ਗਵਾਹ ਤੁਹਾਡੇ ਇਲਾਕੇ ਵਿਚ ਦਿੱਤੀ ਜਾ ਰਹੀ ਬਾਈਬਲ ਦੀ ਸਿੱਖਿਆ ਬਾਰੇ ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਦੱਸਣਗੇ। * (w12-E 05/01)
[ਫੁਟਨੋਟ]
^ ਪੈਰਾ 12 ਜੇ ਤੁਸੀਂ ਚਾਹੋ, ਤਾਂ ਤੁਸੀਂ www.ps8318.com/pa ’ਤੇ ਵੀ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ
[ਸਫ਼ਾ 18 ਉੱਤੇ ਸੁਰਖੀ]
ਯਿਸੂ ਲੋਕਾਂ ਦੇ ਦਿਲਾਂ ਨੂੰ ਬਦਲਣਾ ਚਾਹੁੰਦਾ ਸੀ, ਨਾ ਕਿ ਰਾਜਨੀਤਿਕ ਸੰਸਥਾਵਾਂ ਨੂੰ
[ਸਫ਼ਾ 19 ਉੱਤੇ ਸੁਰਖੀ]
ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਚੰਗੇ ਨਾਗਰਿਕ ਬਣਨਾ ਉਨ੍ਹਾਂ ਦਾ ਫ਼ਰਜ਼ ਹੈ