ਪਰਮੇਸ਼ੁਰ ਨੂੰ ਜਾਣੋ
“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”
ਤੁਸੀਂ ਕਿਨ੍ਹਾਂ ਤੋਹਫ਼ਿਆਂ ਲਈ ਧੰਨਵਾਦੀ ਹੁੰਦੇ ਹੋ? ਸਾਨੂੰ ਉਹ ਤੋਹਫ਼ਾ ਲੈਂਦਿਆਂ ਖ਼ੁਸ਼ੀ ਹੁੰਦੀ ਹੈ ਜੋ ਦਿਲੋਂ ਦਿੱਤਾ ਜਾਂਦਾ ਹੈ ਨਾ ਕਿ ਸਿਰਫ਼ ਫ਼ਰਜ਼ ਪੂਰਾ ਕਰਨ ਲਈ। ਇਸ ਗੱਲ ਤੋਂ ਫ਼ਰਕ ਪੈਂਦਾ ਹੈ ਕਿ ਸਾਨੂੰ ਕੋਈ ਜਣਾ ਤੋਹਫ਼ਾ ਕਿਸ ਇਰਾਦੇ ਨਾਲ ਦਿੰਦਾ ਹੈ ਤੇ ਰੱਬ ਨੂੰ ਵੀ ਇਸ ਗੱਲ ਤੋਂ ਫ਼ਰਕ ਪੈਂਦਾ ਹੈ। ਆਓ ਆਪਾਂ ਪਰਮੇਸ਼ੁਰ ਦੇ ਸ਼ਬਦਾਂ ਵੱਲ ਧਿਆਨ ਦੇਈਏ ਜੋ ਪੌਲੁਸ ਰਸੂਲ ਨੇ 2 ਕੁਰਿੰਥੀਆਂ 9:7 ਵਿਚ ਲਿਖੇ ਸਨ।
ਪੌਲੁਸ ਨੇ ਇਹ ਸ਼ਬਦ ਕਿਉਂ ਲਿਖੇ ਸਨ? ਉਹ ਕੁਰਿੰਥ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦਾ ਸੀ ਕਿ ਉਹ ਯਹੂਦੀਆ ਦੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ। ਕੀ ਉਸ ਨੇ ਕੁਰਿੰਥ ਦੇ ਭੈਣਾਂ-ਭਰਾਵਾਂ ਨੂੰ ਮਦਦ ਕਰਨ ਲਈ ਮਜਬੂਰ ਕੀਤਾ? ਨਹੀਂ, ਸਗੋਂ ਉਸ ਨੇ ਲਿਖਿਆ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” ਆਓ ਆਪਾਂ ਇਸ ਸਲਾਹ ਵੱਲ ਹੋਰ ਜ਼ਿਆਦਾ ਧਿਆਨ ਦੇਈਏ।
“ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ।” ਕੋਈ ਮਸੀਹੀ ਇਸ ਲਈ ਦਿੰਦਾ ਹੈ ਕਿਉਂਕਿ ਉਸ ਨੇ ਇੱਦਾਂ ਕਰਨ ਲਈ “ਆਪਣੇ ਦਿਲ ਵਿਚ” ਫ਼ੈਸਲਾ ਕੀਤਾ ਹੈ। ਨਾਲੇ ਉਹ ਆਪਣੇ ਲੋੜਵੰਦ ਭੈਣਾਂ-ਭਰਾਵਾਂ ਦੀਆਂ ਜ਼ਰੂਰਤਾਂ ਬਾਰੇ ਸੋਚਦਾ ਹੈ। ਇਕ ਵਿਦਵਾਨ ਕਹਿੰਦਾ ਹੈ ਕਿ ਯੂਨਾਨੀ ਭਾਸ਼ਾ ਵਿਚ ਜਿਸ ਸ਼ਬਦ ਦਾ ਤਰਜਮਾ “ਧਾਰਿਆ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਕਿਸੇ ਗੱਲ ਬਾਰੇ ਪਹਿਲਾਂ ਹੀ ਸੋਚ ਕੇ ਮਨ ਬਣਾਉਣਾ।” ਇਸ ਲਈ ਇਕ ਮਸੀਹੀ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਸੋਚ ਕੇ ਆਪਣੇ ਆਪ ਤੋਂ ਪੁੱਛਦਾ ਹੈ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀ ਕਰ ਸਕਦਾ ਹੈ।—1 ਯੂਹੰਨਾ 3:17.
“ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ।” ਇੱਥੇ ਪੌਲੁਸ ਨੇ ਕਿਹਾ ਕਿ ਮਸੀਹੀਆਂ ਨੂੰ ਬੇਦਿਲੀ ਜਾਂ ਮਜਬੂਰੀ ਨਾਲ ਦਾਨ ਨਹੀਂ ਦੇਣਾ ਚਾਹੀਦਾ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਬੇਦਿਲੀ ਨਾਲ” ਕੀਤਾ ਗਿਆ ਹੈ ਉਸ ਦਾ ਮਤਲਬ ਹੈ “ਦੁਖੀ (ਜਾਂ ਉਦਾਸ) ਹੋ ਕੇ” ਦੇਣਾ। ਇਕ ਕਿਤਾਬ ਸਮਝਾਉਂਦੀ ਹੈ ਕਿ ਬੇਦਿਲੀ ਨਾਲ ਦੇਣ ਵਾਲੇ ਦਾ “ਮਨ ਦੁਖੀ ਹੁੰਦਾ ਹੈ ਕਿਉਂਕਿ ਉਸ ਨੂੰ ਪੈਸੇ ਖ਼ਰਚਣੇ ਪੈਂਦੇ ਹਨ।” ਮਜਬੂਰੀ ਨਾਲ ਦੇਣ ਵਾਲਾ ਇਸ ਲਈ ਦਿੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਦੇਣਾ ਉਸ ਦਾ ਫ਼ਰਜ਼ ਹੈ। ਸਾਡੇ ਵਿੱਚੋਂ ਕੌਣ ਅਜਿਹਾ ਤੋਹਫ਼ਾ ਲੈਣਾ ਚਾਹੇਗਾ ਜੋ ਬੇਦਿਲੀ ਜਾਂ ਮਜਬੂਰੀ ਨਾਲ ਦਿੱਤਾ ਜਾਂਦਾ ਹੈ?
“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” ਪੌਲੁਸ ਨੇ ਕਿਹਾ ਕਿ ਜਦ ਕੋਈ ਮਸੀਹੀ ਕੁਝ ਦੇਣ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਖ਼ੁਸ਼ੀ ਨਾਲ ਦੇਣਾ ਚਾਹੀਦਾ ਹੈ। ਦਿਲੋਂ ਦੇਣ ਨਾਲ ਸਾਨੂੰ ਖ਼ੁਸ਼ੀ ਹੁੰਦੀ ਹੈ। (ਰਸੂਲਾਂ ਦੇ ਕੰਮ 20:35) ਦਿਲੋਂ ਦੇਣ ਵਾਲੇ ਦੀ ਖ਼ੁਸ਼ੀ ਉਸ ਦੇ ਮੂੰਹ ਤੋਂ ਝਲਕਦੀ ਹੈ ਅਤੇ ਲੈਣ ਵਾਲੇ ਦਾ ਦਿਲ ਵੀ ਖ਼ੁਸ਼ ਹੁੰਦਾ ਹੈ। ਇਸ ਤੋਂ ਪਰਮੇਸ਼ੁਰ ਵੀ ਖ਼ੁਸ਼ ਹੁੰਦਾ ਹੈ। ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ: “ਪਰਮੇਸ਼ੁਰ ਉਸੇ ਨਾਲ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ।”—ERV.
“ਪਰਮੇਸ਼ੁਰ ਉਸੇ ਨਾਲ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ”
ਦਾਨ ਦੇਣ ਬਾਰੇ ਪੌਲੁਸ ਦੇ ਲਿਖੇ ਇਹ ਸ਼ਬਦ ਮਸੀਹੀਆਂ ਲਈ ਵਧੀਆ ਸਲਾਹ ਹਨ। ਸੋ ਚਾਹੇ ਅਸੀਂ ਕਿਸੇ ਦੀ ਮਦਦ ਕਰਨ ਲਈ ਆਪਣਾ ਸਮਾਂ ਦਿੰਦੇ ਹਾਂ, ਤਾਕਤ ਲਾਉਂਦੇ ਹਾਂ ਜਾਂ ਪੈਸਾ-ਧੇਲਾ ਦਿੰਦੇ ਹਾਂ, ਆਓ ਆਪਾਂ ਖ਼ੁਸ਼ੀ-ਖ਼ੁਸ਼ੀ ਇਸ ਤਰ੍ਹਾਂ ਕਰੀਏ। ਇਸ ਤਰ੍ਹਾਂ ਨਾ ਸਿਰਫ਼ ਅਸੀਂ ਖ਼ੁਸ਼ ਹੋਵਾਂਗੇ, ਬਲਕਿ ਪਰਮੇਸ਼ੁਰ ਵੀ ਖ਼ੁਸ਼ ਹੋਵੇਗਾ ਕਿਉਂਕਿ ਉਹ “ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (w13-E 09/01)
ਸੁਝਾਅ:
ਬਾਈਬਲ ਵਿੱਚੋਂ ਪਹਿਲਾ ਅਤੇ ਦੂਜਾ ਕੁਰਿੰਥੀਆਂ ਪੜ੍ਹੋ