ਧਰਮਾਂ ਦੀ ਸਾਂਝ—ਕੀ ਹੈ ਰੱਬ ਨੂੰ ਮਨਜ਼ੂਰ?
“ਕੀ ਧਰਮ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦੇ ਹਨ ਜਾਂ ਉਨ੍ਹਾਂ ਵਿਚ ਫੁੱਟ ਪਾਉਂਦੇ ਹਨ?” ਇਹ ਸਵਾਲ ਆਸਟ੍ਰੇਲੀਆ ਦੇ ਇਕ ਅਖ਼ਬਾਰ ਵਿਚ ਪੁੱਛਿਆ ਗਿਆ। 89 ਪ੍ਰਤਿਸ਼ਤ ਲੋਕਾਂ ਨੇ ਕਿਹਾ ਕਿ ਧਰਮ ਲੋਕਾਂ ਵਿਚ ਫੁੱਟ ਪਾਉਂਦੇ ਹਨ।
ਸਾਰੇ ਲੋਕ ਇਸ ਗੱਲ ਨਾਲ ਸਹਿਮਤ ਨਹੀਂ। ਉਹ ਮੰਨਦੇ ਹਨ ਕਿ ਜੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਭਗਤੀ ਕਰਨ, ਤਾਂ ਹੀ ਏਕਤਾ ਕਾਇਮ ਹੋ ਸਕਦੀ ਹੈ। ‘ਕੀ ਸਾਰੇ ਧਰਮ ਇਹ ਨਹੀਂ ਸਿਖਾਉਂਦੇ ਕਿ ਸਾਰਿਆਂ ਨਾਲ ਪਿਆਰ ਕਰੋ, ਧਰਤੀ ਦੀ ਦੇਖ-ਰੇਖ ਕਰੋ ਅਤੇ ਮਹਿਮਾਨਨਿਵਾਜ਼ੀ ਦਿਖਾਓ।’—ਈਬੂ ਪਟੇਲ ਦੇ ਸ਼ਬਦ ਜੋ ਉਸ ਸੰਸਥਾ ਦਾ ਮੁਖੀ ਹੈ ਜਿਸ ਵਿਚ ਕਈ ਧਰਮਾਂ ਦੇ ਨੌਜਵਾਨ ਮਿਲ ਕੇ ਸਮਾਜ ਸੇਵਾ ਕਰਦੇ ਹਨ।
ਇਹ ਸੱਚ ਹੈ ਕਿ ਕਦੇ-ਕਦੇ ਬੋਧੀ, ਕੈਥੋਲਿਕ, ਪ੍ਰੋਟੈਸਟੈਂਟ, ਹਿੰਦੂ, ਮੁਸਲਿਮ ਤੇ ਹੋਰ ਕਈ ਧਰਮਾਂ ਦੇ ਲੋਕਾਂ ਨੇ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਨੇ ਰਲ਼ ਕੇ ਗ਼ਰੀਬੀ ਮਿਟਾਉਣ, ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਲੜਨ, ਬਾਰੂਦੀ-ਸੁਰੰਗਾਂ ਨੂੰ ਹਟਾਉਣ ਜਾਂ ਸਮਾਜ ਦੇ ਹੋਰ ਕਿਸੇ ਵਿਸ਼ੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਕਦੇ-ਕਦੇ ਧਰਮਾਂ ਦੇ ਆਗੂ ਆਪਸੀ ਸਾਂਝ ਪਾਉਣ ਲਈ ਅਤੇ ਇਕ-ਦੂਜੇ ਤੋਂ ਹੌਸਲਾ ਲੈਣ ਲਈ ਇਕੱਠੇ ਹੁੰਦੇ ਹਨ। ਉਹ ਇਸ ਗੱਲ ’ਤੇ ਮਾਣ ਕਰਦੇ ਹਨ ਕਿ ਵੱਖੋ-ਵੱਖਰੇ ਵਿਚਾਰ ਹੋਣ ਦੇ ਬਾਵਜੂਦ ਉਹ ਇਕਮੁੱਠ ਹਨ ਅਤੇ ਖ਼ੁਸ਼ੀ-ਖ਼ੁਸ਼ੀ ਤਿਉਹਾਰ ਮਨਾਉਂਦੇ, ਗੀਤ-ਸੰਗੀਤ ਵਜਾਉਂਦੇ ਤੇ ਪ੍ਰਾਰਥਨਾਵਾਂ ਵੀ ਕਰਦੇ ਹਨ।
ਕੀ ਸਾਰੇ ਧਰਮ ਆਪਣੇ ਵਿਚ ਪਈ ਫੁੱਟ ਨੂੰ ਇੱਦਾਂ ਖ਼ਤਮ ਕਰ ਸਕਦੇ ਹਨ? ਕੀ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਧਰਮ ਮਿਲ ਕੇ ਭਗਤੀ ਕਰਨ?
ਏਕਤਾ—ਕਿਸ ਕੀਮਤ ’ਤੇ?
76 ਦੇਸ਼ਾਂ ਵਿਚ ਫੈਲੀ ਇਕ ਸੰਸਥਾ ਬੜੇ ਮਾਣ ਨਾਲ ਕਹਿੰਦੀ ਹੈ ਕਿ ਉਨ੍ਹਾਂ ਦੇ ਮੈਂਬਰ 200 ਤੋਂ ਜ਼ਿਆਦਾ ਧਰਮਾਂ ਤੋਂ ਹਨ। ਇਸ ਸੰਸਥਾ ਦਾ ਮਕਸਦ ਕੀ ਹੈ? “ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਣਾ ਤਾਂਕਿ ਉਹ ਰੋਜ਼ ਮਿਲ ਕੇ ਕੰਮ ਕਰਨ।” ਇਹ ਕਹਿਣਾ ਤਾਂ ਸੌਖਾ ਸੀ, ਪਰ ਕਰਨਾ ਔਖਾ। ਮਿਸਾਲ ਲਈ, ਇਸ ਸੰਸਥਾ ਦੇ ਲੀਡਰਾਂ ਮੁਤਾਬਕ ਉਨ੍ਹਾਂ ਦਾ ਚਾਰਟਰ ਸੋਚ-ਸਮਝ ਕੇ ਲਿਖਵਾਇਆ ਗਿਆ ਤਾਂਕਿ ਜਿਨ੍ਹਾਂ ਨੇ ਇਸ ਉੱਤੇ ਸਾਈਨ ਕੀਤੇ ਹਨ ਉਨ੍ਹਾਂ ਦੇ ਧਰਮ ਦਾ ਅਪਮਾਨ ਨਾ ਹੋਵੇ। ਕਿਉਂ? ਕਿਉਂਕਿ ਉਹ ਇਸ ਗੱਲ ’ਤੇ ਸਹਿਮਤ ਨਹੀਂ ਸਨ ਕਿ ਇਸ ਦਸਤਾਵੇਜ਼ ’ਤੇ ਰੱਬ ਦਾ ਜ਼ਿਕਰ ਕਰਨਾ ਚਾਹੀਦਾ ਸੀ ਜਾਂ ਨਹੀਂ। ਇਸ ਅਸਹਿਮਤੀ ਕਰਕੇ ਰੱਬ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।
ਜ਼ਰਾ ਸੋਚੋ ਜੇ ਰੱਬ ਨੂੰ ਹੀ ਧਰਮ ਵਿੱਚੋਂ ਕੱਢ ਦਿੱਤਾ, ਤਾਂ ਫਿਰ ਧਰਮ ਕਿਸ ਕੰਮ ਦਾ? ਨਾਲੇ ਧਰਮ ਦੇ ਨਾਂ ’ਤੇ ਚਲਾਈ ਜਾਂਦੀ ਅਜਿਹੀ ਸੰਸਥਾ ਵਿਚ ਜਾਂ ਕਿਸੇ ਲੋਕ-ਸੇਵਾ ਵਾਲੀ ਸੰਸਥਾ ਵਿਚ ਕੀ ਫ਼ਰਕ ਹੈ? ਸੋ ਜਿਸ ਸੰਸਥਾ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ, ਉਹ ਆਪਣੇ ਆਪ ਨੂੰ ਧਾਰਮਿਕ ਸੰਸਥਾ ਨਹੀਂ, ਸਗੋਂ “ਲੋਕਾਂ ਨੂੰ ਇਕੱਠਾ ਕਰਨ ਵਾਲੀ ਸੰਸਥਾ” ਕਹਿਲਾਉਂਦੀ ਹੈ।
‘ਸਾਰਿਆਂ ਦਾ ਭਲਾ ਕਰੋ’—ਕੀ ਇੰਨਾ ਕਹਿਣਾ ਕਾਫ਼ੀ ਹੈ?
ਧਾਰਮਿਕ ਆਗੂ ਦਲਾਈ ਲਾਮਾ ਵੀ ਇਹ ਗੱਲ ਮੰਨਦਾ ਹੈ ਕਿ “ਵੱਡੇ-ਵੱਡੇ ਧਰਮ ਇਹੀ ਸਿਖਾਉਂਦੇ ਹਨ ਕਿ ਆਪਸ ਵਿਚ ਪਿਆਰ ਕਰੋ, ਦਇਆ ਕਰੋ ਅਤੇ ਮਾਫ਼ ਕਰੋ। ਬਹੁਤ ਜ਼ਰੂਰੀ ਹੈ ਕਿ ਸਾਰੇ ਲੋਕ ਇਹ ਗੁਣ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਦਿਖਾਉਣ।”
ਇਹ ਸੱਚ ਹੈ ਕਿ ਦੂਜਿਆਂ ਨਾਲ ਪਿਆਰ ਕਰਨਾ, ਉਨ੍ਹਾਂ ’ਤੇ ਦਇਆ ਕਰਨੀ ਤੇ ਉਨ੍ਹਾਂ ਨੂੰ ਮਾਫ਼ ਕਰਨਾ ਬਹੁਤ ਜ਼ਰੂਰੀ ਹੈ। ਯਿਸੂ ਨੇ ਵੀ ਕਿਹਾ ਸੀ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਮੱਤੀ 7:12) ਪਰ ਕੀ ਸੱਚੇ ਭਗਤਾਂ ਲਈ ਸਿਰਫ਼ ਇਹ ਕਹਿਣਾ ਕਾਫ਼ੀ ਹੈ ਕਿ ਉਹ ਚੰਗੇ ਕੰਮ ਕਰਨ?
ਆਓ।” (ਪੌਲੁਸ ਰਸੂਲ ਦੇ ਜ਼ਮਾਨੇ ਵਿਚ ਕਈ ਲੋਕ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਸਨ। ਪਰ ਉਸ ਨੇ ਉਨ੍ਹਾਂ ਬਾਰੇ ਕਿਹਾ: “ਮੈਂ ਉਨ੍ਹਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ।” ਕਿਉਂ? “ਕਿਉਂਕਿ ਉਹ ਇਹ ਗੱਲ ਨਹੀਂ ਸਮਝਦੇ ਕਿ ਪਰਮੇਸ਼ੁਰ ਕਿਸ ਆਧਾਰ ਤੇ ਕਿਸੇ ਇਨਸਾਨ ਨੂੰ ਧਰਮੀ ਠਹਿਰਾਉਂਦਾ ਹੈ, ਸਗੋਂ ਉਹ ਆਪਣੇ ਹੀ ਤਰੀਕੇ ਨਾਲ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਰੋਮੀਆਂ 10:2, 3) ਪਰਮੇਸ਼ੁਰ ਦੇ ਧਰਮੀ ਮਿਆਰਾਂ ਦਾ ਸਹੀ ਗਿਆਨ ਨਾ ਹੋਣ ਕਰਕੇ ਉਨ੍ਹਾਂ ਦਾ ਜੋਸ਼ ਅਤੇ ਭਗਤੀ ਬੇਕਾਰ ਸੀ।—ਮੱਤੀ 7:21-23.
ਬਾਈਬਲ ਧਰਮ ਬਾਰੇ ਕੀ ਕਹਿੰਦੀ ਹੈ?
ਯਿਸੂ ਨੇ ਕਿਹਾ: “ਖ਼ੁਸ਼ ਹਨ ਮੇਲ-ਮਿਲਾਪ ਰੱਖਣ ਵਾਲੇ।” (ਮੱਤੀ 5:9) ਯਿਸੂ ਆਪਣੀਆਂ ਸਿੱਖਿਆਵਾਂ ’ਤੇ ਚੱਲਦਾ ਸੀ। ਉਸ ਨੇ ਕਈ ਧਰਮਾਂ ਤੋਂ ਆਏ ਲੋਕਾਂ ਨੂੰ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਸੁਣਾਇਆ। (ਮੱਤੀ 26:52) ਜਿਨ੍ਹਾਂ ਨੇ ਉਸ ਦੀਆਂ ਸਿੱਖਿਆਵਾਂ ਮੰਨੀਆਂ, ਉਹ ਪਿਆਰ ਦੇ ਬੰਧਨ ਵਿਚ ਬੱਝ ਜਾਂਦੇ ਸਨ। (ਕੁਲੁੱਸੀਆਂ 3:14) ਪਰ ਕੀ ਯਿਸੂ ਦਾ ਇਹੀ ਮਕਸਦ ਸੀ ਕਿ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਇਕੱਠਾ ਕਰੇ ਤਾਂਕਿ ਉਹ ਆਪਸ ਵਿਚ ਸ਼ਾਂਤੀ ਨਾਲ ਰਹਿਣ? ਕੀ ਉਹ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਦਾ ਸੀ?
ਫ਼ਰੀਸੀ ਅਤੇ ਸਦੂਕੀ ਨਾਂ ਦੇ ਧਾਰਮਿਕ ਲੀਡਰ ਯਿਸੂ ਦਾ ਸਖ਼ਤ ਵਿਰੋਧ ਕਰਦੇ ਸਨ ਤੇ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਯਿਸੂ ਨੇ ਕੀ ਕੀਤਾ? ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਉਨ੍ਹਾਂ ਦੀ ਪਰਵਾਹ ਨਾ ਕਰੋ। ਉਹ ਤਾਂ ਖ਼ੁਦ ਅੰਨ੍ਹੇ ਹਨ।’ (ਮੱਤੀ 15:14) ਯਿਸੂ ਨੇ ਅਜਿਹੇ ਲੋਕਾਂ ਨਾਲ ਮਿਲ ਕੇ ਕਦੇ ਵੀ ਪਰਮੇਸ਼ੁਰ ਦੀ ਭਗਤੀ ਨਹੀਂ ਕੀਤੀ।
ਕੁਝ ਸਮੇਂ ਬਾਅਦ ਯੂਨਾਨ ਦੇ ਕੁਰਿੰਥੁਸ ਸ਼ਹਿਰ ਵਿਚ ਇਕ ਮਸੀਹੀ ਮੰਡਲੀ ਬਣੀ। ਇਹ ਸ਼ਹਿਰ ਇਸ ਗੱਲੋਂ ਮਸ਼ਹੂਰ ਸੀ ਕਿ ਇੱਥੇ ਵੱਖੋ-ਵੱਖਰੇ ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਇਸ ਮਾਹੌਲ ਵਿਚ ਮਸੀਹੀਆਂ ਨੂੰ ਕੀ ਕਰਨ ਦੀ ਲੋੜ ਸੀ? ਪੌਲੁਸ ਰਸੂਲ ਨੇ ਉਨ੍ਹਾਂ ਨੂੰ ਕਿਹਾ: “ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ।” ਕਿਉਂ? ਉਸ ਨੇ ਸਮਝਾਇਆ: “ਮਸੀਹ ਅਤੇ ਉਸ ਦੁਸ਼ਟ [ਸ਼ੈਤਾਨ] ਦੀ ਆਪਸ ਵਿਚ ਕੀ ਸਾਂਝ? ਜਾਂ ਨਿਹਚਾ ਕਰਨ ਵਾਲੇ ਇਨਸਾਨ ਦਾ ਅਵਿਸ਼ਵਾਸੀ ਇਨਸਾਨ ਨਾਲ ਕੀ ਰਿਸ਼ਤਾ?” ਫਿਰ ਉਸ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਇਸ ਲਈ, ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ।”—2 ਕੁਰਿੰਥੀਆਂ 6:14, 15, 17.
ਸੋ ਸੱਚੇ ਮਸੀਹੀਆਂ ਲਈ ਦੂਜੇ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਰੱਬ ਦੀ ਭਗਤੀ ਕਰਨੀ ਬਾਈਬਲ ਮੁਤਾਬਕ ਬਿਲਕੁਲ ਗ਼ਲਤ ਹੈ। ਪਰ ਤੁਸੀਂ ਸ਼ਾਇਦ ਸੋਚੋ, ‘ਤਾਂ ਫਿਰ ਲੋਕਾਂ ਵਿਚ ਏਕਤਾ ਕਿਵੇਂ ਕਾਇਮ ਕੀਤੀ ਜਾ ਸਕਦੀ ਹੈ?’
ਏਕਤਾ ਕਾਇਮ ਕਰਨੀ
ਲਗਭਗ 15 ਦੇਸ਼ਾਂ ਨੇ ਮਿਲ ਕੇ ਇਕ ਕਮਾਲ ਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਇਆ ਜੋ ਧਰਤੀ ਦੇ ਆਲੇ-ਦੁਆਲੇ ਚੱਕਰ ਕੱਟ ਰਿਹਾ ਹੈ। ਜੇ ਇਹ ਸਾਰੇ ਦੇਸ਼ ਆਪਸ ਵਿਚ ਇਸ ਗੱਲ ’ਤੇ ਸਹਿਮਤ ਨਾ ਹੁੰਦੇ ਕਿ ਇਸ ਨੂੰ ਬਣਾਉਣ ਲਈ ਕਿਹੜਾ ਨਕਸ਼ਾ ਵਰਤਿਆ ਜਾਣਾ ਚਾਹੀਦਾ ਹੈ, ਤਾਂ ਕੀ ਇਹ ਪ੍ਰਾਜੈਕਟ ਕਾਮਯਾਬ ਹੁੰਦਾ? ਬਿਲਕੁਲ ਨਹੀਂ।
ਇਹੀ ਗੱਲ ਉਨ੍ਹਾਂ ਸੰਸਥਾਵਾਂ ’ਤੇ ਵੀ ਲਾਗੂ ਹੁੰਦੀ ਹੈ ਜੋ ਕਹਿੰਦੇ ਹਨ ਕਿ ਧਰਮਾਂ ਨੂੰ ਮਿਲ ਕੇ ਭਗਤੀ ਕਰਨੀ ਚਾਹੀਦੀ ਹੈ। ਭਾਵੇਂ ਕਿ ਉਹ ਇਕੱਠੇ ਕੰਮ ਕਰਨ ਅਤੇ ਇਕ-ਦੂਜੇ ਦਾ ਆਦਰ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦਾ “ਨਕਸ਼ਾ” ਯਾਨੀ ਉਨ੍ਹਾਂ ਦੇ ਅਸੂਲ ਇਕ-ਦੂਜੇ ਤੋਂ ਬਿਲਕੁਲ ਉਲਟ ਹਨ। ਇਸ ਕਰਕੇ ਉਨ੍ਹਾਂ ਦਾ ਚਾਲ-ਚੱਲਣ ਅਤੇ ਸਿੱਖਿਆਵਾਂ ਵੱਖੋ-ਵੱਖਰੀਆਂ ਹੋਣ ਕਾਰਨ ਉਨ੍ਹਾਂ ਵਿਚ ਫੁੱਟ ਪਈ ਰਹਿੰਦੀ ਹੈ।
ਬਾਈਬਲ ਵਿਚ ਪਰਮੇਸ਼ੁਰ ਦੇ ਅਸੂਲ ਸਾਡੇ ਲਈ ਇਕ ਨਕਸ਼ੇ ਵਾਂਗ ਹਨ ਅਤੇ ਅਸੀਂ ਇਨ੍ਹਾਂ ਮੁਤਾਬਕ ਆਪਣੀ ਜ਼ਿੰਦਗੀ ਦੀ ਨੀਂਹ ਰੱਖ ਸਕਦੇ ਹਾਂ। ਬਾਈਬਲ ਦੀਆਂ ਸਿੱਖਿਆਵਾਂ ਕਬੂਲ ਕਰਨ ਵਾਲੇ ਲੋਕਾਂ ਨੇ ਹਰ ਤਰ੍ਹਾਂ ਦਾ ਪੱਖ-ਪਾਤ ਛੱਡ ਕੇ ਸ਼ਾਂਤੀ ਅਤੇ ਏਕਤਾ ਨਾਲ ਜੀਉਣਾ ਸਿੱਖਿਆ ਹੈ। ਇਸ ਬਾਰੇ ਯਹੋਵਾਹ ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ: “ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ, ਕਿ ਉਹ ਪਵਿੱਤਰ ਬੋਲ ਬੋਲਣ, ਅਤੇ ਸਭ ਕੇਵਲ ਪ੍ਰਭੂ [ਯਹੋਵਾਹ] ਦਾ ਨਾਂ ਲੈਣ, ਅਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨ।” ਹਾਂ, “ਪਵਿੱਤਰ ਬੋਲ ਬੋਲਣ” ਯਾਨੀ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣ ਨਾਲ ਹੀ ਏਕਤਾ ਕਾਇਮ ਹੋ ਸਕਦੀ ਹੈ।—ਸਫ਼ਨਯਾਹ 3:9, CL; ਯਸਾਯਾਹ 2:2-4.
ਯਹੋਵਾਹ ਦੇ ਗਵਾਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਲਾਗੇ ਦੇ ਕਿਸੇ ਕਿੰਗਡਮ ਹਾਲ ਵਿਚ ਜਾ ਕੇ ਖ਼ੁਦ ਦੇਖੋ ਕਿ ਉਨ੍ਹਾਂ ਵਿਚਕਾਰ ਕਿੰਨੀ ਸ਼ਾਂਤੀ ਅਤੇ ਏਕਤਾ ਹੈ।—ਜ਼ਬੂਰਾਂ ਦੀ ਪੋਥੀ 133:1. ▪ (w14-E 03/01)