ਕੀ ਅਸੀਂ ਸੱਚੀਂ ਰੱਬ ਨੂੰ ਪਾ ਸਕਦੇ ਹਾਂ?
“ਰੱਬ ਦਾ ਭੇਤ ਨਹੀਂ ਪਾਇਆ ਜਾ ਸਕਦਾ।”—ਸਿਕੰਦਰੀਆ ਦਾ ਫੀਲੋ, ਪਹਿਲੀ ਸਦੀ ਦਾ ਵਿਦਵਾਨ।
“[ਰੱਬ] ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”—ਤਰਸੁਸ ਦਾ ਸੌਲੁਸ, ਜਿਸ ਨੇ ਐਥਿਨਜ਼ ਵਿਚ ਪਹਿਲੀ ਸਦੀ ਦੇ ਵਿਦਵਾਨਾਂ ਨਾਲ ਗੱਲ ਕੀਤੀ।
ਜਦੋਂ ਤੁਸੀਂ ਇਨ੍ਹਾਂ ਦੋ ਗੱਲਾਂ ਨੂੰ ਪੜ੍ਹਦੇ ਹੋ, ਤਾਂ ਕਿਹੜੀ ਗੱਲ ਤੁਹਾਡੇ ਵਿਚਾਰ ਨਾਲ ਮੇਲ ਖਾਂਦੀ ਹੈ? ਬਹੁਤ ਸਾਰੇ ਲੋਕਾਂ ਨੂੰ ਤਰਸੁਸ ਦੇ ਸੌਲੁਸ, ਜਿਸ ਨੂੰ ਪੌਲੁਸ ਰਸੂਲ ਵੀ ਕਿਹਾ ਜਾਂਦਾ ਸੀ, ਦੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਇਨ੍ਹਾਂ ਤੋਂ ਉਨ੍ਹਾਂ ਨੂੰ ਹੌਸਲਾ ਮਿਲਿਆ। (ਰਸੂਲਾਂ ਦੇ ਕੰਮ 17:26, 27) ਬਾਈਬਲ ਵਿਚ ਇਸ ਤਰ੍ਹਾਂ ਦੀਆਂ ਹੌਸਲਾ ਦੇਣ ਵਾਲੀਆਂ ਹੋਰ ਵੀ ਕਈ ਗੱਲਾਂ ਦੱਸੀਆਂ ਹਨ। ਮਿਸਾਲ ਲਈ, ਯਿਸੂ ਨੇ ਪ੍ਰਾਰਥਨਾ ਕੀਤੀ ਜਿਸ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਉਸ ਦੇ ਚੇਲੇ ਰੱਬ ਨੂੰ ਜਾਣ ਸਕਦੇ ਹਨ ਤੇ ਉਸ ਦੀ ਬਰਕਤ ਪਾ ਸਕਦੇ ਹਨ।—ਯੂਹੰਨਾ 17:3.
ਪਰ ਫੀਲੋ ਵਰਗੇ ਵਿਦਵਾਨਾਂ ਦਾ ਅਲੱਗ ਹੀ ਨਜ਼ਰੀਆ ਹੈ। ਉਹ ਕਹਿੰਦੇ ਹਨ ਕਿ ਅਸੀਂ ਰੱਬ ਨੂੰ ਕਦੇ ਵੀ ਨਹੀਂ ਜਾਣ ਸਕਦੇ ਕਿਉਂਕਿ ਉਸ ਦਾ ਭੇਤ ਪਾਇਆ ਹੀ ਨਹੀਂ ਜਾ ਸਕਦਾ। ਤਾਂ ਫਿਰ ਸੱਚ ਕੀ ਹੈ?
ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਰੱਬ ਬਾਰੇ ਕੁਝ ਗੱਲਾਂ ਹਨ ਜੋ ਇਨਸਾਨਾਂ ਲਈ ਸਮਝਣੀਆਂ ਔਖੀਆਂ ਹਨ। ਮਿਸਾਲ ਲਈ, ਅਸੀਂ ਨਾ ਤਾਂ ਇਹ ਜਾਣ ਸਕਦੇ ਕਿ ਸ੍ਰਿਸ਼ਟੀਕਰਤਾ ਕਦੋਂ ਤੋਂ ਹੋਂਦ ਵਿਚ ਹੈ ਤੇ ਨਾ ਹੀ ਅਸੀਂ ਉਸ ਦੀ ਅਥਾਹ ਬੁੱਧ ਨੂੰ ਮਾਪ ਸਕਦੇ ਹਾਂ। ਇਹ ਗੱਲਾਂ ਇਨਸਾਨੀ ਸਮਝ ਤੋਂ ਬਾਹਰ ਹਨ। ਪਰ ਇਹ ਗੱਲਾਂ ਸਾਡੇ ਲਈ ਰੱਬ ਨੂੰ ਜਾਣਨ ਵਿਚ ਰੋੜਾ ਨਹੀਂ ਹਨ। ਅਸਲ ਵਿਚ ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ “ਪਰਮੇਸ਼ੁਰ ਦੇ ਨੇੜੇ” ਯਾਕੂਬ 4:8) ਆਓ ਆਪਾਂ ਕੁਝ ਮਿਸਾਲਾਂ ਦੇਖੀਏ ਜੋ ਸਮਝਣੀਆਂ ਔਖੀਆਂ ਹਨ। ਫਿਰ ਅਸੀਂ ਰੱਬ ਬਾਰੇ ਉਹ ਗੱਲਾਂ ਦੇਖਾਂਗੇ ਜੋ ਅਸੀਂ ਸਮਝ ਸਕਦੇ ਹਾਂ।
ਜਾ ਸਕਦੇ ਹਾਂ। (ਕਿਹੜੀਆਂ ਗੱਲਾਂ ਅਸੀਂ ਨਹੀਂ ਸਮਝ ਸਕਦੇ?
ਰੱਬ ਦੀ ਹੋਂਦ: ਬਾਈਬਲ ਸਿਖਾਉਂਦੀ ਹੈ ਕਿ ਰੱਬ ਦਾ ਵਜੂਦ “ਆਦ ਤੋਂ ਅੰਤ ਤੀਕ” ਹੈ। (ਜ਼ਬੂਰਾਂ ਦੀ ਪੋਥੀ 90:2) ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਉਸ ਦੀ ਨਾ ਤਾਂ ਕੋਈ ਸ਼ੁਰੂਆਤ ਹੈ ਤੇ ਨਾ ਹੀ ਕੋਈ ਅੰਤ। ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ “ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰੇ ਹੈ।”—ਅੱਯੂਬ 36:26.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਰੱਬ ਵਾਅਦਾ ਕਰਦਾ ਹੈ ਕਿ ਉਹ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜੇ ਤੁਸੀਂ ਉਸ ਨੂੰ ਜਾਣੋਗੇ। (ਯੂਹੰਨਾ 17:3) ਇਹ ਵਾਅਦਾ ਕਿੰਨਾ ਕੁ ਭਰੋਸੇਯੋਗ ਹੁੰਦਾ ਜੇ ਰੱਬ ਆਪ ਹੀ ਹਮੇਸ਼ਾ-ਹਮੇਸ਼ਾ ਲਈ ਜੀਉਂਦਾ ਨਾ ਹੁੰਦਾ? ਸਿਰਫ਼ “ਯੁਗਾਂ-ਯੁਗਾਂ ਦਾ ਰਾਜਾ” ਹੀ ਇਹ ਵਾਅਦਾ ਪੂਰਾ ਕਰ ਸਕਦਾ ਹੈ।—1 ਤਿਮੋਥਿਉਸ 1:17.
ਰੱਬ ਦੀ ਬੁੱਧ: ਬਾਈਬਲ ਸਿਖਾਉਂਦੀ ਹੈ ਕਿ ਰੱਬ ਦੀ “ਸਮਝ ਅਥਾਹ” ਹੈ ਕਿਉਂਕਿ ਉਸ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਕਿਤੇ ਜ਼ਿਆਦਾ ਉੱਚੇ ਹਨ। (ਯਸਾਯਾਹ 40:28; 55:9) ਇਸੇ ਕਰਕੇ ਬਾਈਬਲ ਇਹ ਸਵਾਲ ਪੁੱਛਦੀ ਹੈ: “ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੂੰ ਸਮਝਾਵੇ?”—1 ਕੁਰਿੰਥੀਆਂ 2:16, OV.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਰੱਬ ਇੱਕੋ ਸਮੇਂ ’ਤੇ ਲੱਖਾਂ ਹੀ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣ ਸਕਦਾ ਹੈ। (ਜ਼ਬੂਰਾਂ ਦੀ ਪੋਥੀ 65:2) ਕੀ ਰੱਬ ਦੇ ਮਨ ਉੱਤੇ ਇੰਨੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਬੋਝ ਪੈ ਜਾਂਦਾ ਹੈ? ਜਾਂ ਕੀ ਉਹ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਕੋਲ ਸਾਡੇ ਵੱਲ ਧਿਆਨ ਦੇਣ ਅਤੇ ਸਾਡੀਆਂ ਪ੍ਰਾਰਥਨਾਵਾਂ ਸੁਣਨ ਦਾ ਵਿਹਲ ਹੀ ਨਹੀਂ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹ ਤਾਂ ਉਸ ਹਰ ਚਿੜੀ ਵੱਲ ਵੀ ਧਿਆਨ ਦਿੰਦਾ ਹੈ ਜੋ ਜ਼ਮੀਨ ’ਤੇ ਡਿੱਗਦੀ ਹੈ। ਇਸ ਤੋਂ ਇਲਾਵਾ, ਉਸ ਲਈ ਤੁਸੀਂ “ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।”—ਮੱਤੀ 10:29, 31.
ਰੱਬ ਦੇ ਕੰਮ: ਬਾਈਬਲ ਸਿਖਾਉਂਦੀ ਹੈ ਕਿ ਇਨਸਾਨ “ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” (ਉਪਦੇਸ਼ਕ ਦੀ ਪੋਥੀ 3:11) ਇਸ ਲਈ ਅਸੀਂ ਰੱਬ ਬਾਰੇ ਸਾਰਾ ਕੁਝ ਕਦੇ ਵੀ ਨਹੀਂ ਜਾਣ ਪਾਵਾਂਗੇ। ਰੱਬ ਦੇ ਕੰਮਾਂ ਤੋਂ ਝਲਕਦੀ ਬੁੱਧ ਨੂੰ ਕੋਈ ਨਹੀਂ ‘ਸਮਝ ਸਕਦਾ।’ (ਰੋਮੀਆਂ 11:33) ਪਰ ਰੱਬ ਆਪਣੇ ਰਾਹਾਂ ਬਾਰੇ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।—ਆਮੋਸ 3:7.
ਅਸੀਂ ਨਾ ਤਾਂ ਇਹ ਜਾਣ ਸਕਦੇ ਹਾਂ ਕਿ ਸ੍ਰਿਸ਼ਟੀਕਰਤਾ ਕਦੋਂ ਤੋਂ ਹੋਂਦ ਵਿਚ ਹੈ ਅਤੇ ਨਾ ਹੀ ਅਸੀਂ ਉਸ ਦੀ ਅਥਾਹ ਬੁੱਧ ਨੂੰ ਮਾਪ ਸਕਦੇ ਹਾਂ
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਜੇ ਤੁਸੀਂ ਬਾਈਬਲ ਪੜ੍ਹ ਕੇ ਇਸ ਉੱਤੇ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਰੱਬ ਅਤੇ ਉਸ ਦੇ ਰਾਹਾਂ ਬਾਰੇ ਨਵੀਆਂ-ਨਵੀਆਂ ਗੱਲਾਂ ਜਾਣਨ ਤੋਂ ਕਦੇ ਪਿੱਛੇ ਨਹੀਂ ਹਟੋਗੇ। ਇਸ ਦਾ ਮਤਲਬ ਹੈ ਕਿ ਸਵਰਗ ਵਿਚ ਰਹਿੰਦੇ ਸਾਡੇ ਪਿਤਾ ਨਾਲ ਸਾਡਾ ਰਿਸ਼ਤਾ ਹਮੇਸ਼ਾ-ਹਮੇਸ਼ਾ ਲਈ ਗੂੜ੍ਹਾ ਹੁੰਦਾ ਜਾਵੇਗਾ।
ਤੁਸੀਂ ਕੀ ਜਾਣ ਸਕਦੇ ਹੋ?
ਜੇ ਸਾਨੂੰ ਰੱਬ ਬਾਰੇ ਕੁਝ ਗੱਲਾਂ ਪੂਰੀ ਤਰ੍ਹਾਂ ਨਹੀਂ ਸਮਝ ਲੱਗਦੀਆਂ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਬਾਰੇ ਕੁਝ ਵੀ ਨਹੀਂ ਜਾਣ ਸਕਦੇ। ਬਾਈਬਲ ਵਿਚ ਬਹੁਤ ਸਾਰੀ ਜਾਣਕਾਰੀ ਹੈ ਜਿਸ ਦੀ ਮਦਦ ਨਾਲ ਅਸੀਂ ਰੱਬ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਇਨ੍ਹਾਂ ਕੁਝ ਮਿਸਾਲਾਂ ’ਤੇ ਗੌਰ ਕਰੋ:
ਰੱਬ ਦਾ ਨਾਂ: ਬਾਈਬਲ ਸਿਖਾਉਂਦੀ ਹੈ ਕਿ ਰੱਬ ਨੇ ਆਪਣਾ ਇਕ ਨਾਂ ਰੱਖਿਆ ਹੈ। ਰੱਬ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” ਬਾਈਬਲ ਵਿਚ ਰੱਬ ਦਾ ਨਾਂ ਲਗਭਗ 7,000 ਵਾਰ ਆਉਂਦਾ ਹੈ ਤੇ ਹੋਰ ਕੋਈ ਵੀ ਨਾਂ ਇੰਨੀ ਵਾਰ ਨਹੀਂ ਆਉਂਦਾ।—ਯਸਾਯਾਹ 42:8.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਕੀ ਤੁਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਰੱਬ ਦਾ ਨਾਂ ਵਰਤ ਸਕਦੇ ਹੋ? ਯਹੋਵਾਹ ਉਸ ਹਰ ਇਨਸਾਨ ਨੂੰ ਬਚਾਉਣ ਲਈ ਤਿਆਰ ਹੈ ਜੋ ਉਸ ਦੇ ਨਾਂ ਦਾ ਆਦਰ ਕਰਦਾ ਹੈ।—ਰੋਮੀਆਂ 10:13.
ਰੱਬ ਦਾ ਬਸੇਰਾ: ਬਾਈਬਲ ਦੋ ਥਾਵਾਂ ਬਾਰੇ ਦੱਸਦੀ ਹੈ। ਇਕ ਥਾਂ ਉਹ ਹੈ ਜਿੱਥੇ ਦੂਤ ਰਹਿੰਦੇ ਹਨ ਤੇ ਦੂਜੀ ਉਹ ਥਾਂ ਹੈ ਜੋ ਧਰਤੀ ਅਤੇ ਬ੍ਰਹਿਮੰਡ ਨਾਲ ਬਣੀ ਹੋਈ ਹੈ। (ਯੂਹੰਨਾ 8:23; 1 ਕੁਰਿੰਥੀਆਂ 15:44) ਬਾਈਬਲ ਵਿਚ ਵਰਤਿਆ ਸ਼ਬਦ “ਸਵਰਗ” ਅਕਸਰ ਉਸ ਥਾਂ ਨੂੰ ਦਰਸਾਉਂਦਾ ਹੈ ਜਿੱਥੇ ਦੂਤ ਰਹਿੰਦੇ ਹਨ। ਸਾਡਾ ਸ੍ਰਿਸ਼ਟੀਕਰਤਾ ਉਸੇ “ਸੁਰਗੀ ਭਵਨ” ਵਿਚ ਰਹਿੰਦਾ ਹੈ।—1 ਰਾਜਿਆਂ 8:43.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਤੁਹਾਨੂੰ ਰੱਬ ਬਾਰੇ ਹੋਰ ਵੀ ਚੰਗੀ ਤਰ੍ਹਾਂ ਪਤਾ ਲੱਗਦਾ ਹੈ। ਉਹ ਇਕ ਸ਼ਕਤੀ ਨਹੀਂ ਹੈ ਜੋ ਹਰ ਪਾਸੇ ਹੈ ਤੇ ਕਣ-ਕਣ ਵਿਚ ਵੱਸਦੀ ਹੈ। ਯਹੋਵਾਹ ਸੱਚ-ਮੁੱਚ ਹੋਂਦ ਵਿਚ ਹੈ ਤੇ ਉਸ ਦੇ ਰਹਿਣ ਦੀ ਇਕ ਅਸਲੀ ਜਗ੍ਹਾ ਹੈ। “ਸ੍ਰਿਸ਼ਟੀ ਦੀ ਕੋਈ ਵੀ ਚੀਜ਼ [ਯਹੋਵਾਹ] ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ ਹੈ।”—ਰੱਬ ਦੇ ਗੁਣ: ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਵਿਚ ਕਿਹੜੇ ਗੁਣ ਹਨ। “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਉਹ ਕਦੇ ਝੂਠ ਨਹੀਂ ਬੋਲਦਾ। (ਤੀਤੁਸ 1:2) ਉਹ ਪੱਖਪਾਤ ਨਹੀਂ ਕਰਦਾ, ਦਇਆਵਾਨ ਤੇ ਹਮਦਰਦ ਹੈ ਅਤੇ ਜਲਦੀ ਗੁੱਸਾ ਨਹੀਂ ਕਰਦਾ। (ਕੂਚ 34:6; ਰਸੂਲਾਂ ਦੇ ਕੰਮ 10:34) ਕਈ ਸ਼ਾਇਦ ਇਹ ਜਾਣ ਕੇ ਹੈਰਾਨ ਹੋਣ ਕਿ ਸ੍ਰਿਸ਼ਟੀਕਰਤਾ ਉਨ੍ਹਾਂ ਲੋਕਾਂ ਨਾਲ “ਦੋਸਤੀ” ਕਰਨੀ ਚਾਹੁੰਦਾ ਹੈ ਜੋ ਉਸ ਦਾ ਆਦਰ ਕਰਦੇ ਹਨ।—ਕਹਾਉਤਾਂ 3:32.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ। (ਯਾਕੂਬ 2:23) ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਦੇ ਗੁਣਾਂ ਬਾਰੇ ਜਾਣੋਗੇ, ਤੁਹਾਨੂੰ ਬਾਈਬਲ ਵਿਚ ਦੱਸੀਆਂ ਗੱਲਾਂ ਹੋਰ ਵੀ ਚੰਗੀ ਤਰ੍ਹਾਂ ਸਮਝ ਆਉਣਗੀਆਂ।
‘ਉਸ ਨੂੰ ਖੋਜੋ’
ਬਾਈਬਲ ਯਹੋਵਾਹ ਪਰਮੇਸ਼ੁਰ ਬਾਰੇ ਸਾਫ਼-ਸਾਫ਼ ਦੱਸਦੀ ਹੈ। ਉਸ ਦੇ ਭੇਤ ਨੂੰ ਪਾਇਆ ਜਾ ਸਕਦਾ ਹੈ। ਦਰਅਸਲ, ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਜਾਣੀਏ। ਉਸ ਦੇ ਬਚਨ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ: “ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” (1 ਇਤਹਾਸ 28:9) ਕਿਉਂ ਨਾ ਤੁਸੀਂ ਬਾਈਬਲ ਵਿਚ ਦੱਸੀਆਂ ਗੱਲਾਂ ਪੜ੍ਹੋ ਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰੋ? ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਬਾਈਬਲ ਦੇ ਵਾਅਦੇ ਮੁਤਾਬਕ ਰੱਬ “ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
ਤੁਸੀਂ ਸ਼ਾਇਦ ਸੋਚੋ, ‘ਜੇ ਮੈਂ ਸ੍ਰਿਸ਼ਟੀਕਰਤਾ ਬਾਰੇ ਸਭ ਕੁਝ ਨਹੀਂ ਜਾਣ ਸਕਦਾ, ਤਾਂ ਮੈਂ ਉਸ ਦਾ ਦੋਸਤ ਕਿਵੇਂ ਬਣ ਸਕਦਾ ਹਾਂ?’ ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਕੀ ਕਿਸੇ ਡਾਕਟਰ ਦੇ ਪੱਕੇ ਦੋਸਤ ਨੂੰ ਡਾਕਟਰ ਦੀ ਡਿਗਰੀ ਹਾਸਲ ਕਰਨ ਦੀ ਲੋੜ ਹੈ? ਬਿਲਕੁਲ ਨਹੀਂ! ਡਾਕਟਰ ਦੇ ਦੋਸਤ ਦਾ ਕੰਮ ਉਸ ਤੋਂ ਬਿਲਕੁਲ ਵੱਖਰਾ ਹੋ ਸਕਦਾ ਹੈ। ਫਿਰ ਵੀ ਉਨ੍ਹਾਂ ਵਿਚ ਪੱਕੀ ਦੋਸਤੀ ਹੋ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਡਾਕਟਰ ਦੇ ਦੋਸਤ ਨੂੰ ਡਾਕਟਰ ਦੀ ਸ਼ਖ਼ਸੀਅਤ ਤੇ ਉਸ ਦੀ ਪਸੰਦ-ਨਾਪਸੰਦ ਬਾਰੇ ਪਤਾ ਹੋਵੇ। ਇਸੇ ਤਰ੍ਹਾਂ ਤੁਸੀਂ ਬਾਈਬਲ ਤੋਂ ਜਾਣ ਸਕਦੇ ਹੋ ਕਿ ਯਹੋਵਾਹ ਕਿਸ ਤਰ੍ਹਾਂ ਦਾ ਸ਼ਖ਼ਸ ਹੈ। ਉਸ ਨਾਲ ਦੋਸਤੀ ਕਰਨ ਲਈ ਤੁਹਾਨੂੰ ਇਹੀ ਜਾਣਨ ਦੀ ਲੋੜ ਹੈ।
ਬਾਈਬਲ ਰੱਬ ਦੀ ਧੁੰਦਲੀ ਤਸਵੀਰ ਪੇਸ਼ ਨਹੀਂ ਕਰਦੀ। ਇਸ ਵਿਚ ਉਹ ਜਾਣਕਾਰੀ ਦਿੱਤੀ ਗਈ ਹੈ ਜੋ ਰੱਬ ਬਾਰੇ ਜਾਣਨ ਲਈ ਜ਼ਰੂਰੀ ਹੈ। ਕੀ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ ਜਾਣਨਾ ਚਾਹੋਗੇ? ਯਹੋਵਾਹ ਦੇ ਗਵਾਹ ਤੁਹਾਡੇ ਘਰ ਆ ਕੇ ਤੁਹਾਨੂੰ ਮੁਫ਼ਤ ਵਿਚ ਪਰਮੇਸ਼ੁਰ ਦੇ ਬਚਨ ਦਾ ਗਿਆਨ ਦੇ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਾਡੀ ਵੈੱਬਸਾਈਟ www.ps8318.com/pa ’ਤੇ ਜਾਓ। ▪ (w15-E 10/01)