ਕੀ ਧਰਮਾਂ ਨੂੰ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ?
ਦੁਨੀਆਂ ਭਰ ਵਿਚ ਯਿਸੂ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਨ ਵਾਲੇ ਕਈ ਲੋਕ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਕੁਝ ਜਣੇ ਆਪਣੇ ਧਾਰਮਿਕ ਵਿਸ਼ਵਾਸਾਂ ਤੇ ਨੈਤਿਕ ਮਿਆਰਾਂ ਨੂੰ ਫੈਲਾਉਣ ਲਈ ਰਾਜਨੀਤਿਕ ਪਾਰਟੀਆਂ ਜਾਂ ਲੀਡਰਾਂ ਦਾ ਸਮਰਥਨ ਕਰਦੇ ਹਨ। ਫਿਰ ਰਾਜਨੀਤਿਕ ਨੇਤਾ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਸਮਰਥਨ ਪਾਉਣ ਲਈ ਨੈਤਿਕ ਜਾਂ ਸਮਾਜਕ ਸਮੱਸਿਆਵਾਂ ਦਾ ਸਹਾਰਾ ਲੈਂਦੇ ਹਨ। ਧਾਰਮਿਕ ਆਗੂਆਂ ਦਾ ਚੋਣਾਂ ਵਿਚ ਖੜ੍ਹੇ ਹੋਣਾ ਆਮ ਗੱਲ ਹੈ। ਕੁਝ ਦੇਸ਼ਾਂ ਵਿਚ “ਈਸਾਈ” ਧਰਮ ਨੂੰ ਰਾਸ਼ਟਰੀ ਧਰਮ ਦਾ ਦਰਜਾ ਦਿੱਤਾ ਜਾਂਦਾ ਹੈ।
ਤੁਹਾਨੂੰ ਕੀ ਲੱਗਦਾ ਹੈ ਕਿ ਯਿਸੂ ਮਸੀਹ ਦੇ ਚੇਲਿਆਂ ਨੂੰ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ? ਇਸ ਦਾ ਜਵਾਬ ਲੈਣ ਲਈ ਯਿਸੂ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਿਹਾ: “ਮੈਂ ਤੁਹਾਡੇ ਲਈ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਯੂਹੰਨਾ 13:15) ਰਾਜਨੀਤੀ ਦੇ ਮਾਮਲੇ ਵਿਚ ਯਿਸੂ ਨੇ ਕਿਹੜਾ ਨਮੂਨਾ ਕਾਇਮ ਕੀਤਾ?
ਕੀ ਯਿਸੂ ਨੇ ਰਾਜਨੀਤੀ ਵਿਚ ਹਿੱਸਾ ਲਿਆ ਸੀ?
ਨਹੀਂ। ਯਿਸੂ ਨੇ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ ਸੀ।
ਯਿਸੂ ਨੇ ਰਾਜਨੀਤਿਕ ਤਾਕਤ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਸ਼ੈਤਾਨ ਨੇ ਯਿਸੂ ਨੂੰ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ” ਪੇਸ਼ ਕੀਤੀਆਂ, ਤਾਂ ਉਸ ਨੇ ਇਨਸਾਨੀ ਸਰਕਾਰਾਂ ਉੱਤੇ ਅਧਿਕਾਰ ਲੈਣ ਤੋਂ ਇਨਕਾਰ ਕੀਤਾ। (ਮੱਤੀ 4:8-10) a ਇਕ ਹੋਰ ਮੌਕੇ ʼਤੇ ਲੋਕਾਂ ਨੇ ਯਿਸੂ ਨੂੰ ਰਾਜਨੀਤੀ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਯਿਸੂ ਵਿਚ ਚੰਗਾ ਆਗੂ ਬਣਨ ਦੇ ਗੁਣ ਸਨ। ਬਾਈਬਲ ਦੱਸਦੀ ਹੈ: “ਯਿਸੂ ਜਾਣ ਗਿਆ ਕਿ ਉਹ ਉਸ ਨੂੰ ਫੜ ਕੇ ਜ਼ਬਰਦਸਤੀ ਰਾਜਾ ਬਣਾਉਣ ਵਾਲੇ ਸਨ, ਇਸ ਲਈ ਉਹ ਇਕੱਲਾ ਹੀ ਦੁਬਾਰਾ ਪਹਾੜ ʼਤੇ ਚਲਾ ਗਿਆ।” (ਯੂਹੰਨਾ 6:15) ਯਿਸੂ ਨੇ ਉੱਦਾਂ ਨਹੀਂ ਕੀਤਾ ਜਿੱਦਾਂ ਲੋਕ ਚਾਹੁੰਦੇ ਸਨ। ਇਸ ਦੀ ਬਜਾਇ, ਉਸ ਨੇ ਰਾਜਨੀਤੀ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ।
ਯਿਸੂ ਨੇ ਰਾਜਨੀਤਿਕ ਮਾਮਲਿਆਂ ਦਾ ਪੱਖ ਨਹੀਂ ਲਿਆ। ਮਿਸਾਲ ਲਈ, ਯਿਸੂ ਦੇ ਜ਼ਮਾਨੇ ਵਿਚ ਯਹੂਦੀਆਂ ਨੂੰ ਗੁੱਸਾ ਚੜ੍ਹਦਾ ਸੀ ਕਿ ਉਨ੍ਹਾਂ ਨੂੰ ਰੋਮੀ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਉਨ੍ਹਾਂ ʼਤੇ ਨਾਜਾਇਜ਼ ਬੋਝ ਸੀ। ਜਦੋਂ ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਯਿਸੂ ਵੀ ਇਸ ਮਾਮਲੇ ਵਿਚ ਉਨ੍ਹਾਂ ਦਾ ਪੱਖ ਲਵੇ, ਤਾਂ ਯਿਸੂ ਇਸ ਬਹਿਸ ਵਿਚ ਨਹੀਂ ਪਿਆ ਕਿ ਇਸ ਤਰ੍ਹਾਂ ਦੇ ਟੈਕਸ ਦੇਣੇ ਜਾਇਜ਼ ਹਨ ਜਾਂ ਨਹੀਂ। ਉਸ ਨੇ ਉਨ੍ਹਾਂ ਨੂੰ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:13-17) ਉਸ ਨੇ ਇਸ ਰਾਜਨੀਤਿਕ ਮਾਮਲੇ ਵਿਚ ਕਿਸੇ ਦਾ ਪੱਖ ਨਹੀਂ ਲਿਆ, ਸਗੋਂ ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜੇ ਯਾਨੀ ਰੋਮੀ ਸਰਕਾਰ ਦੁਆਰਾ ਮੰਗੇ ਜਾਂਦੇ ਟੈਕਸ ਭਰਨੇ ਚਾਹੀਦੇ ਹਨ। ਪਰ ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁਝ ਹੱਦ ਤਕ ਹੀ ਸਰਕਾਰ ਦੇ ਅਧੀਨ ਰਹਿਣਾ ਚਾਹੀਦਾ ਹੈ। ਇਕ ਵਿਅਕਤੀ ਨੂੰ ਉਹ ਚੀਜ਼ਾਂ ਸਰਕਾਰ ਨੂੰ ਨਹੀਂ ਦੇਣੀਆਂ ਚਾਹੀਦੀਆਂ ਜਿਨ੍ਹਾਂ ਦਾ ਹੱਕਦਾਰ ਰੱਬ ਹੈ ਜਿਸ ਵਿਚ ਭਗਤੀ ਵੀ ਸ਼ਾਮਲ ਹੈ।—ਮੱਤੀ 4:10; 22:37, 38.
ਯਿਸੂ ਨੇ ਸਵਰਗੀ ਸਰਕਾਰ ਯਾਨੀ ਰੱਬ ਦੇ ਰਾਜ ਦਾ ਸਮਰਥਨ ਕੀਤਾ। (ਲੂਕਾ 4:43) ਉਸ ਨੇ ਇਸ ਲਈ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ ਕਿਉਂਕਿ ਉਹ ਜਾਣਦਾ ਸੀ ਕਿ ਰੱਬ ਦਾ ਰਾਜ ਹੀ ਧਰਤੀ ʼਤੇ ਰੱਬ ਦੀ ਇੱਛਾ ਪੂਰੀ ਕਰੇਗਾ, ਨਾ ਕਿ ਕੋਈ ਇਨਸਾਨੀ ਸਰਕਾਰ। (ਮੱਤੀ 6:10) ਉਹ ਜਾਣਦਾ ਸੀ ਕਿ ਰੱਬ ਦਾ ਰਾਜ ਇਨਸਾਨੀ ਸਰਕਾਰਾਂ ਦੇ ਜ਼ਰੀਏ ਹਕੂਮਤ ਨਹੀਂ ਕਰੇਗਾ, ਸਗੋਂ ਉਨ੍ਹਾਂ ਨੂੰ ਹਮੇਸ਼ਾ ਲਈ ਹਟਾ ਦੇਵੇਗਾ।—ਦਾਨੀਏਲ 2:44.
ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਰਾਜਨੀਤੀ ਵਿਚ ਹਿੱਸਾ ਲਿਆ ਸੀ?
ਨਹੀਂ। ਯਿਸੂ ਦੇ ਚੇਲਿਆਂ ਨੇ ਉਸ ਦੇ ਇਸ ਹੁਕਮ ਦੀ ਪਾਲਣਾ ਕੀਤੀ ਕਿ “ਤੁਸੀਂ ਦੁਨੀਆਂ ਦੇ ਨਹੀਂ ਹੋ।” (ਯੂਹੰਨਾ 15:19) ਉਨ੍ਹਾਂ ਨੇ ਯਿਸੂ ਦੀ ਮਿਸਾਲ ਦੀ ਰੀਸ ਕੀਤੀ ਅਤੇ ਉਹ ਦੁਨੀਆਂ ਦੀ ਰਾਜਨੀਤੀ ਤੋਂ ਦੂਰ ਹੀ ਰਹੇ। (ਯੂਹੰਨਾ 17:16; 18:36) ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਦੀ ਬਜਾਇ ਉਨ੍ਹਾਂ ਨੇ ਯਿਸੂ ਦਾ ਹੁਕਮ ਮੰਨਦੇ ਹੋਏ ਰਾਜ ਦਾ ਪ੍ਰਚਾਰ ਤੇ ਸਿਖਾਉਣ ਦਾ ਕੰਮ ਕੀਤਾ।—ਮੱਤੀ 28:18-20; ਰਸੂਲਾਂ ਦੇ ਕੰਮ 10:42.
ਪਹਿਲੀ ਸਦੀ ਦੇ ਮਸੀਹੀ ਆਪਣੀ ਜ਼ਿੰਦਗੀ ਵਿਚ ਰੱਬ ਨੂੰ ਪਹਿਲੀ ਥਾਂ ਦੇ ਕੇ ਉਸ ਦਾ ਕਹਿਣਾ ਮੰਨਦੇ ਸਨ। ਪਰ ਇਸ ਦੇ ਨਾਲ-ਨਾਲ ਉਹ ਸਰਕਾਰ ਦੇ ਵੀ ਅਧੀਨ ਰਹਿੰਦੇ ਸਨ। (ਰਸੂਲਾਂ ਦੇ ਕੰਮ 5:29; 1 ਪਤਰਸ 2:13, 17) ਉਹ ਸਰਕਾਰ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਦੇ ਸਨ ਅਤੇ ਟੈਕਸ ਭਰਦੇ ਸਨ। (ਰੋਮੀਆਂ 13:1, 7) ਭਾਵੇਂ ਕਿ ਉਹ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ ਸਨ, ਪਰ ਫਿਰ ਵੀ ਉਨ੍ਹਾਂ ਨੇ ਲੋੜ ਪੈਣ ʼਤੇ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦਾ ਸਹਾਰਾ ਲਿਆ।—ਰਸੂਲਾਂ ਦੇ ਕੰਮ 25:10, 11; ਫ਼ਿਲਿੱਪੀਆਂ 1:7.
ਅੱਜ ਮਸੀਹੀ ਨਿਰਪੱਖ ਰਹਿੰਦੇ ਹਨ
ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਨਾ ਤਾਂ ਯਿਸੂ ਨੇ ਤੇ ਨਾ ਹੀ ਉਸ ਦੇ ਮੁਢਲੇ ਚੇਲਿਆਂ ਨੇ ਰਾਜਨੀਤੀ ਵਿਚ ਹਿੱਸਾ ਲਿਆ। ਇਸੇ ਕਰਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮਸੀਹੀ ਹੋਣ ਕਰਕੇ ਪੂਰੀ ਤਰ੍ਹਾਂ ਨਿਰਪੱਖ ਰਹਿੰਦੇ ਹਨ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ਵੀ ਯਿਸੂ ਦੇ ਹੁਕਮ ਨੂੰ ਮੰਨਦੇ ਹੋਏ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਦੇ ਹਨ।—ਮੱਤੀ 24:14.
a ਜਦੋਂ ਯਿਸੂ ਨੇ ਇਨਕਾਰ ਕੀਤਾ, ਤਾਂ ਉਸ ਨੇ ਇਹ ਨਹੀਂ ਕਿਹਾ ਕਿ ਸ਼ੈਤਾਨ ਕੋਲ ਇਹ ਅਧਿਕਾਰ ਨਹੀਂ ਸੀ। ਬਾਅਦ ਵਿਚ, ਉਸ ਨੇ ਸ਼ੈਤਾਨ ਨੂੰ “ਦੁਨੀਆਂ ਦਾ ਹਾਕਮ” ਕਿਹਾ।—ਯੂਹੰਨਾ 14:30.